ਬੀਮੇ ਦੀ ਰਾਸ਼ੀ ਹਾਸਲ ਕਰਨ ਲਈ ਮਾਂ ਨੇ ਘੜੀ ਪੁੱਤਰ ਦੀ ਦਰਦਨਾਕ ਮੌਤ ਦੀ ਸਾਜ਼ਿਸ਼

02/16/2017 8:14:19 PM

ਨਵੀਂ ਦਿੱਲੀ— ਜਿੱਥੇ ਪੂਰੀ ਦੁਨੀਆ ''ਚ ਮਾਂ ਦੇ ਰਿਸ਼ਤੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਉੱਥੇ ਹੀ ਇਕ ਕਲਯੁਗੀ ਮਾਂ ਨੇ ਪੈਸਿਆਂ ਦੇ ਲਾਲਚ ''ਚ ਇਸ ਪਵਿੱਤਰ ਰਿਸ਼ਤੇ ਨੂੰ ਵੀ ਦਾਗ ਲਗਾ ਦਿੱਤਾ। ਮਾਮਲਾ ਗੁਜਰਾਤ ਦੇ ਜੂਨਾਗੜ ਦਾ ਹੈ, ਜਿੱਥੇ ਲੰਡਨ ਤੋਂ ਆਈ ਔਰਤ ਨੇ ਪਹਿਲਾਂ ਇਕ ਬੱਚੇ ਨੂੰ ਗੋਦ ਲਿਆ ਅਤੇ ਬਾਅਦ ''ਚ ਉਸ ਦੇ ਨਾਂ ''ਤੇ ਕਰਵਾਏ ਬੀਮੇ ਦੇ ਪੈਸੇ ਹਾਸਲ ਕਰਨ ਲਈ ਉਸ ਦਾ ਕਤਲ ਕਰਵਾ ਦਿੱਤਾ।

ਦਰਅਸਲ, ਆਰਤੀ ਧੀਰ ਨਾਮਕ ਔਰਤ ਲੰਡਨ ''ਚ ਰਹਿੰਦੀ ਸੀ, ਜਿੱਥੇ ਉਸ ਦੀ ਜਾਣ-ਪਛਾਣ ਜੂਨਾਗੜ ਦੇ ਪਿੰਡ ਮਾਲੀਆ ਹਾਟੀਨਾ ਦੇ ਰਹਿਣ ਵਾਲੇ ਨਿਤੇਸ਼ ਨਾਲ ਹੋਈ। ਦੋਵਾਂ ਨੇ ਰਲ ਕੇ ਯੋਜਨਾ ਮੁਤਾਬਕ, ਪਹਿਲਾਂ ਗੋਪਾਲ ਸੇਜਾਣੀ (11 ਸਾਲ) ਵਾਸੀ ਮਾਲੀਆ ਹਾਟੀਨਾ ਨੂੰ ਗੋਦ ਲਿਆ ਤੇ ਬਾਅਦ ''ਚ ਉਸ ਦੇ ਨਾਂ ''ਤੇ 1.30 ਕਰੋੜ ਰੁਪਏ ਦਾ ਬੀਮਾ ਕਰਵਾ ਦਿੱਤਾ। ਰਾਤੋਂ-ਰਾਤ ਅਮੀਰ ਬਣਨ ਦਾ ਸੁਪਨਾ ਵੇਖ ਰਹੇ ਆਰਤੀ ਤੇ ਨਿਤੇਸ਼ ਨੇ ਕੁਝ ਗੁੰਡਿਆਂ ਰਾਹੀਂ ਬੱਚੇ ਨੂੰ ਅਗਵਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬੱਚੇ ਦੇ ਮਾਸੜ ਹਰਸੁਖ ਭਾਈ ਨੇ ਬੱਚੇ ਨੂੰ ਅਗਵਾ ਹੋਣ ਤੋਂ ਤਾਂ ਬਚਾ ਲਿਆ ਪਰ ਇਸ ਹਮਲੇ ਦੌਰਾਨ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਹਸਪਤਾਲ ''ਚ ਉਸ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਬੱਚੇ ਦੇ ਪਿਤਾ ਦੀ ਮੌਤ 6 ਸਾਲ ਪਹਿਲਾਂ ਹੀ ਹੋ ਗਈ ਸੀ ਅਤੇ ਉਹ ਆਪਣੇ ਮਾਸੜ ਹਰਸੁਖ ਭਾਈ ਕੋਲ ਰਹਿੰਦਾ ਸੀ। ਬਾਅਦ ''ਚ ਆਰਤੀ ਧੀਰ ਨੇ ਉਸ ਨੂੰ ਗੋਦ ਲੈ ਲਿਆ ਸੀ।

ਜਦੋਂ ਪੁਲਸ ਨੇ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਪੁਲਸ ਮੁਤਾਬਕ, ਆਰਤੀ ਧੀਰ ਨੇ ਨਿਤੇਸ਼ ਨਾਲ ਮਿਲ ਕੇ ਪੂਰੀ ਵਾਰਦਾਤ ਦੀ ਯੋਜਨਾ ਤਿਆਰ ਕੀਤੀ ਤਾਂ ਜੋ ਉਹ ਗੋਪਾਲ ਦੇ ਨਾਂ ''ਤੇ ਕਰਵਾਏ 1.30 ਕਰੋੜ ਰੁਪਏ ਦੇ ਬੀਮੇ ਨੂੰ ਹਾਸਲ ਕਰ ਸਕਣ। ਪੁਲਸ ਨੇ ਉਨ੍ਹਾਂ ਦੀ ਪੂਰੀ ਯੋਜਨਾ ''ਤੇ ਪਾਣੀ ਫੇਰ ਦਿੱਤਾ ਤੇ ਹੁਣ ਦੋਵੇਂ ਜੇਲ ਦੀਆਂ ਸੀਖਾਂ ਪਿੱਛੇ ਹਨ।


Related News