PMC ਬੈਂਕ ਦੇ ਡੁੱਬਣ ਤੋਂ ਬਾਅਦ ਹੁਣ ਇਸ ਬੈਂਕ ਦੇ ਦੀਵਾਲੀਆ ਹੋਣ ਦਾ ਖਦਸ਼ਾ

01/13/2020 6:52:41 PM

ਨਵੀਂ ਦਿੱਲੀ — PMC ਬੈਂਕ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਨਾਲ ਸੁਲਝਿਆ ਨਹੀਂ ਕਿ ਹੁਣ ਦੇਸ਼ ਦੇ ਦਿੱਗਜ ਸਰਕਾਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ(RBI) ਨੇ ਸ੍ਰੀ ਗੁਰੂ ਰਾਘਵੇਂਦਰ ਸਹਿਕਾਰਾ ਬੈਂਕ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ  ਹਨ। ਇਸ ਪਾਬੰਦੀ ਦੇ ਤਹਿਤ ਹੁਣ ਬੈਂਗਲੁਰੂ 'ਚ ਇਸ ਬੈਂਕ ਦੇ ਗਾਹਕ 35,000 ਰੁਪਏ ਤੋਂ ਜ਼ਿਆਦਾ ਦੀ ਨਕਦੀ ਨਹੀਂ ਕਢਵਾ ਸਕਣਗੇ । RBI ਦੇ ਬਿਆਨ ਅਨੁਸਾਰ ਨਿੱਜੀ ਖੇਤਰ ਦਾ ਇਹ ਬੈਂਕ ਆਰਬੀਆਈ ਦੀ ਆਗਿਆ ਤੋਂ ਬਿਨਾਂ ਅਗਲੇ ਛੇ ਮਹੀਨਿਆਂ ਤੱਕ ਕੋਈ ਨਵਾਂ ਕਰਜ਼ਾ ਨਹੀਂ ਦੇ ਸਕੇਗਾ। ਇਸ ਤੋਂ ਇਲਾਵਾ ਇਹ ਬੈਂਕ RBI ਦੀ ਆਗਿਆ ਤੋਂ ਬਿਨਾਂ ਇਸ ਮਿਆਦ ਦੌਰਾਨ ਕੋਈ ਨਵਾਂ ਨਿਵੇਸ਼ ਵੀ  ਨਹੀਂ ਕਰ ਸਕੇਗਾ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ 'ਚ ਪੀਐਮਸੀ ਬੈਂਕ ਉੱਤੇ ਵੀ ਅਜਿਹੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਸਨ।

ਸ਼ਰਤਾਂ ਪੂਰੀਆਂ ਹੋਣ ਤੱਕ ਲਾਗੂ ਰਹਿਣਗੀਆਂ ਪਾਬੰਦੀਆਂ

RBI ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਜਦੋਂ ਤੱਕ ਬੈਂਕ ਦੀ ਵਿੱਤੀ ਸਥਿਤੀ 'ਚ ਸੁਧਾਰ ਨਹੀਂ ਹੁੰਦਾ, ਉਸ ਸਮੇਂ ਤੱਕ RBI ਦੀਆਂ ਪਾਬੰਦੀਆਂ ਦੇ ਦਾਇਰੇ ਵਿਚ ਬੈਂਕਿੰਗ ਦੇ ਕੰਮ ਜਾਰੀ ਰਹਿਣਗੇ। ਹਾਲਾਂਕਿ RBI ਨੇ ਬੈਂਕ ਦਾ ਲਾਇਸੈਂਸ ਅਜੇ ਤੱਕ ਰੱਦ ਨਹੀਂ ਕੀਤਾ ਹੈ। ਕੰਮ-ਕਾਜ 10 ਜਨਵਰੀ ਸ਼ੁੱਕਰਵਾਰ ਤੋਂ ਬੰਦ ਹੋ ਜਾਣ ਦੇ ਬਾਅਦ RBI ਵਲੋਂ ਇਨ੍ਹਾਂ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ ਹੈ। ਬਿਆਨ ਵਿਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਭਾਵੇਂ ਕਿਸੇ ਵੀ ਬਚਤ ਖਾਤਾ, ਚਾਲੂ ਖ਼ਾਤੇ ਜਾਂ ਕਿਸੇ ਹੋਰ ਖਾਤੇ ਵਿਚ ਜਿੰਨੀ ਮਰਜ਼ੀ ਜਮ੍ਹਾਂ ਰਕਮ ਹੋਵੇ ਕਢਵਾਉਣਾ ਦੀ ਹੱਦ 35,000 ਰੁਪਏ ਤੋਂ ਵੱਧ ਨਹੀਂ ਹੋ ਸਕਦੀ। ਆਰਬੀਆਈ ਨੇ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀ ਧਾਰਾ 35 ਏ ਤਹਿਤ ਪਾਬੰਦੀਆਂ ਲਗਾਈਆਂ ਹਨ।

ਪੀਐਮਸੀ ਬੈਂਕ 'ਤੇ ਪਾਬੰਦੀ ਲੱਗਣ ਤੋਂ ਬਾਅਦ ਸਥਿਤੀ ਹੋ ਗਈ ਸੀ ਗੰਭੀਰ

ਜ਼ਿਕਰਯੋਗ ਹੈ ਕਿ ਆਰਬੀਆਈ ਦੇ ਪੀਐਮਸੀ ਬੈਂਕ 'ਤੇ ਪਾਬੰਦੀਆਂ ਲਗਾਉਣ ਦੇ ਬਾਅਦ ਬਹੁਤ ਸਾਰੇ ਖਾਤਾਧਾਰਕਾਂ ਨੇ ਪੈਸੇ ਡੁੱਬ ਜਾਣ ਦੇ ਖਦਸ਼ੇ ਅਤੇ ਨਕਦੀ ਦੀ ਕਮੀ ਕਾਰਨ ਖੁਦਕੁਸ਼ੀ ਕਰ ਲਈ ਸੀ। ਪੀਐਮਸੀ ਬੈਂਕ ਨੇ ਪਹਿਲਾਂ ਸਿਰਫ 1000 ਰੁਪਏ ਕਢਵਾਉਣ ਦੀ ਹੱਦ ਲਾਗੂ ਕੀਤੀ ਸੀ। ਬਾਅਦ ਵਿਚ ਇਸ ਨੂੰ ਵਧਾ ਕੇ ਪਹਿਲਾਂ 10,000 ਰੁਪਏ ਕੀਤਾ ਗਿਆ, ਫਿਰ ਦੋ ਹੋਰ ਪੜਾਵਾਂ ਵਿਚ 50,000 ਰੁਪਏ ਕਰ ਦਿੱਤਾ ਗਿਆ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਬੈਂਕ ਨੇ ਇਕ ਹੀ ਕੰਪਨੀ ਨੂੰ 70 ਫ਼ੀਸਦ ਤੋਂ ਵੱਧ ਦਾ ਕਰਜ਼ਾ ਦਿੱਤਾ ਹੋਇਆ ਸੀ, ਜਿਸ ਤੋਂ ਬਾਅਦ ਦੀਵਾਲੀਆਪਨ ਲਈ ਸਰਕਾਰ ਨੂੰ ਅਰਜ਼ੀ ਦਿੱਤੀ ਸੀ।


Related News