ਕੋਰੋਨਾ ਨੇ ਦੇਸ਼ ਅੱਗੇ ਖੜ੍ਹੀ ਕੀਤੀ ਇਹ ਵੱਡੀ ਪ੍ਰੇਸ਼ਾਨੀ, ਇਕ ਚੌਥਾਈ ਦੁਨੀਆ ਘਰਾਂ ''ਚ ਕੈਦ
Thursday, Mar 26, 2020 - 03:58 AM (IST)
ਨਵੀਂ ਦਿੱਲੀ — ਕੋਰੋਨਾ ਵਾਇਰਸ ਦੇ ਵਧਦੇ ਕਹਿਰ ਤੋਂ ਬਾਅਦ ਦੁਨੀਆ ਦੇ ਕਈ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਕਰੋੜਾਂ ਲੋਕ ਆਪਣੇ ਹੀ ਘਰਾਂ 'ਚ ਕੈਦ ਹਨ। 24 ਮਾਰਚ ਰਾਤ 8 ਵਜੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਮੂਚੇ ਹਿੰਦੁਸਤਾਨ 'ਚ ਲਾਕਡਾਊਨ ਦਾ ਐਲਾਨ ਕਰ ਦਿੱਤਾ। ਕਈ ਸੂਬਿਆਂ ਦੀਆਂ ਸਰਹੱਦਾਂ ਨੂੰ ਪਹਿਲਾਂ ਹੀ ਸੀਲ ਕੀਤਾ ਜਾ ਚੁੱਕਾ ਸੀ। ਯੁੱਧ ਦੌਰਾਨ ਵੀ ਬੰਦ ਨਾ ਕੀਤੀ ਗਈ ਭਾਰਤੀ ਰੇਲ ਨੂੰ ਰੋਕ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਸਣੇ ਸਾਰੀਆਂ ਘਰੇਲੂ ਉਡਾਣਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਅਜਿਹੇ 'ਚ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਦੁਨੀਆ 'ਚ ਕਿੰਨੇ ਲੋਕ ਆਪਣੇ ਹੀ ਘਰਾਂ 'ਚ ਬੰਦ ਹਨ। ਖੇਤਰਫਲ ਤੇ ਜਨਸੰਖਿਆ ਦੇ ਲਿਹਾਜ਼ ਨਾਲ ਬੇਹੱਦ ਵੱਡੇ ਦੇਸ਼ ਭਾਰਤ 'ਚ ਤਾਂ ਕਈ ਲੋਕ ਦੂਜੇ ਸੂਬਿਆਂ 'ਚ ਫੱਸ ਚੁੱਕੇ ਹਨ। ਉਂਝ ਤਾਂ ਸਰਕਾਰ ਨੇ ਰੋਜ਼ਾਨਾ ਦੀਆਂ ਚੀਜ਼ਾਂ ਦੀ ਉਪਲਬੱਧਤਾ ਬਰਕਰਾਰ ਰੱਖੀ ਹੈ। ਬਾਵਜੂਦ ਇਸ ਦੇ ਗਰੀਬ-ਮਜ਼ਦੂਰ ਤੇ ਰੋਜ਼ ਕਮਾਉਣ-ਖਾ ਵਾਲਿਆਂ ਸਾਹਮਣੇ ਰੋਜ਼ਗਾਰ ਦੀ ਦਿੱਕਤ ਆ ਗਈ ਹੈ।
ਦੁਨੀਆ ਭਰ 'ਚ ਕਿੰਨੇ ਲੋਕ ਆਪਣੇ ਹੀ ਘਰਾਂ 'ਚ ਕੈਦ
ਏ.ਪੀ. ਦੀ ਇਕ ਰਿਪੋਰਟ ਮੁਤਾਬਕ 250 ਕਰੋੜ ਤੋਂ ਜ਼ਿਆਦਾ ਲੋਕ ਲਾਕਡਊਨ ਹੋ ਚੁੱਕੇ ਹਨ। ਕੋਰੋਨਾ ਵਾਇਰਸ ਭਾਵੇ ਹੀ ਚੀਨ ਤੋਂ ਫੈਲਿਆ ਹੈ ਪਰ ਕੋਵਿਡ-19 ਨਾਲ ਹੁਣ ਤਕ ਸਭ ਤੋਂ ਜ਼ਿਆਦਾ ਮੌਤ ਇਟਲੀ 'ਚ ਹੋਈ ਹੈ। ਪੂਰਾ ਇਟਲੀ 10 ਮਾਰਚ ਨੂੰ ਹੀ ਲਾਕਡਾਊਨ ਹੋ ਗਿਆ ਸੀ। ਮੌਤ ਦੇ ਮਾਮਲੇ 'ਚ ਚੀਨ ਨੂੰ ਪਿੱਛੇ ਛੱਡ ਸਪੇਨ 'ਚ ਵੀ ਲੋਕਾਂ ਦੇ ਘਰਾਂ 'ਚੋਂ ਨਿਕਲਣ 'ਤੇ ਪਾਬੰਦੀ ਹੈ। ਆਇਰਲੈਂਡ, ਨਾਰਵੇ, ਫਰਾਂਸ, ਨਿਊਜ਼ੀਲੈਂਡ, ਜਾਰਡਨ ਬੈਲਜ਼ੀਅਮ, ਜਰਮਨੀ, ਆਸਟਰੇਲੀਆ, ਅਮਰੀਕਾ ਤੇ ਬ੍ਰਿਟੇਨ ਦੇ ਲੋਕ ਵੀ ਲਾਕਡਾਊਨ ਹਨ।