ਹੁਣ ਅਜਮੇਰ ''ਚ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼, ਟਰੈੱਕ ''ਤੇ ਮਿਲਿਆ ਭਾਰੀ ਸੀਮੈਂਟ ਬਲਾਕ
Wednesday, Sep 11, 2024 - 12:31 PM (IST)
ਅਜਮੇਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਮਗਰੋਂ ਹੁਣ ਰਾਜਸਥਾਨ ਦੇ ਅਜਮੇਰ 'ਚ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਦਰਅਸਲ ਅਜਮੇਰ ਵਿਚ ਵੀ ਰੇਲਵੇ ਟਰੈੱਕ 'ਤੇ ਇਕ ਕੁਇੰਟਲ ਵਜ਼ਨੀ ਸੀਮੈਂਟ ਬਲਾਕ ਰੱਖਿਆ ਗਿਆ ਸੀ, ਤਾਂ ਕਿ ਟਰੇਨ ਨੂੰ ਪਟੜੀ ਤੋਂ ਉਤਾਰਿਆ ਜਾ ਸਕੇ। ਟਰੇਨ ਨੂੰ ਪਲਟਾਉਣ ਲਈ ਭਾਰੀ-ਭਰਕਮ ਸੀਮੈਂਟ ਬਲਾਕ ਨੂੰ ਪਟੜੀ 'ਤੇ ਰੱਖਿਆ ਗਿਆ ਸੀ। ਗ਼ਨੀਮਤ ਇਹ ਰਹੀ ਕਿ ਟਰੇਨ ਦਾ ਇੰਜਣ ਸੀਮੈਂਟ ਨੂੰ ਤੋੜਦੇ ਹੋਏ ਅੱਗੇ ਨਿਕਲ ਗਿਆ, ਜਿਸ ਨਾਲ ਵੱਡਾ ਹਾਦਸਾ ਟਾਲ ਗਿਆ। ਇਸ ਘਟਨਾ ਮਗਰੋਂ ਟਰੇਨ ਦੇ ਡਰਾਈਵਰ ਨੇ ਤੁਰੰਤ ਰੇਲਵੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਮੌਕੇ 'ਤੇ ਪਹੁੰਚੀ ਅਤੇ ਟਰੇਨ ਦਾ ਨਿਰੀਖਣ ਕੀਤਾ। ਸੀਮੈਂਟ ਬਲਾਕ ਸਰਾਧਨਾ ਅਤੇ ਬਾਂਗੜ ਗ੍ਰਾਮ ਸਟੇਸ਼ਨ ਵਿਚਾਲੇ ਦੋ ਥਾਵਾਂ 'ਤੇ ਪਟੜੀ 'ਤੇ ਰੱਖੇ ਗਏ ਸਨ।
ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼
RPF ਨੂੰ ਮੌਕੇ ਤੋਂ ਸੀਮੈਂਟ ਦੇ ਟੁਕੜੇ ਮਿਲੇ ਹਨ, ਜਿਸ ਨਾਲ ਟਰੇਨ ਟਕਰਾ ਗਈ ਸੀ। RPF ਨੇ ਮਾਂਗਲੀਆਵਾਸ ਥਾਣੇ 'ਚ ਇਸ ਮਾਮਲੇ 'ਚ FIR ਦਰਜ ਕਰਵਾਈ ਹੈ। FIR ਦਰਜ ਕਰਨ ਤੋਂ ਬਾਅਦ ਪੁਲਸ ਮੁਲਜ਼ਮਾਂ ਦੀ ਭਾਲ ਵਿਚ ਲੱਗੀ ਹੋਈ ਹੈ। ਇਕ ਮਹੀਨੇ ਵਿਚ ਤੀਜੀ ਵਾਰ ਰਾਜਸਥਾਨ 'ਚ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਰਚੀ ਗਈ ਹੈ। ਇਸ ਤੋਂ ਪਹਿਲਾਂ 23 ਅਗਸਤ ਨੂੰ ਵੀ ਇਹ ਪਾਲੀ ਵਿਖੇ ਅਹਿਮਦਾਬਾਦ-ਜੋਧਪੁਰ ਵੰਦੇ ਭਾਰਤ ਟਰੈਕ 'ਤੇ ਰੱਖੇ ਸੀਮੈਂਟ ਦੇ ਬਲਾਕ ਨਾਲ ਟਕਰਾ ਗਈ ਸੀ। ਇਸ ਘਟਨਾ ਨੇ ਰੇਲਵੇ ਸੁਰੱਖਿਆ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਕਾਨਪੁਰ 'ਚ ਵੀ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਨਾਕਾਮ
ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿਚ LPG ਸਿਲੰਡਰ ਅਤੇ ਹੋਰ ਵਿਸਫੋਟਕ ਸਮੱਗਰੀ ਨੂੰ ਪਟੜੀ 'ਤੇ ਰੱਖ ਕੇ ਕਾਲਿੰਦੀ ਐਕਸਪ੍ਰੈਸ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਦੇ ਸਬੰਧ ਵਿਚ ਸੋਮਵਾਰ ਨੂੰ ਦੋ ਸਥਾਨਕ ਹਿਸਟਰੀ ਸ਼ੀਟਰਾਂ ਸਮੇਤ 6 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ। ਕਾਨਪੁਰ ਪੱਛਮੀ ਦੇ ਪੁਲਸ ਡਿਪਟੀ ਕਮਿਸ਼ਨਰ (ਡੀ. ਸੀ. ਪੀ) ਰਾਜੇਸ਼ ਕੁਮਾਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਿੰਘ ਨੇ ਕਿਹਾ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਮੀਡੀਆ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਇਸ ਖੁਲਾਸੇ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ।