ਮਜ਼ਦੂਰ ਟਰੇਨਾਂ ਚਲਾਉਣ ਨੂੰ ਲੈ ਕੇ ਰੇਲਵੇ ਦਾ ਵੱਡਾ ਬਿਆਨ, ਕਿਹਾ- ਸੂਬਿਆਂ ਦੀ ਸਹਿਮਤੀ ਜ਼ਰੂਰੀ ਨਹੀਂ

05/19/2020 9:17:15 PM

ਨਵੀਂ ਦਿੱਲੀ (ਏਜੰਸੀਆਂ) : ਵੱਡੀ ਗਿਣਤੀ 'ਚ ਮਜ਼ਦੂਰ ਸਪੈਸ਼ਲ ਟਰੇਨਾਂ ਚਲਾਏ ਜਾਣ ਦੇ ਬਾਵਜੂਦ ਦੇਸ਼ਭਰ 'ਚ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੇ ਹਾਲੇ ਵੀ ਪੈਦਲ ਹੀ ਆਪਣੇ ਗ੍ਰਹਿ ਸੂਬਿਆਂ ਲਈ ਪਲਾਇਨ ਨੂੰ ਦੇਖਦੇ ਹੋਏ ਕੇਂਦਰ ਨੇ ਉਨ੍ਹਾਂ ਦੀ ਮਦਦ ਲਈ ਨਵੇਂ ਸਿਰੇ ਤੋਂ ਪਹਿਲ ਕੀਤੀ ਹੈ। ਕੇਂਦਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਅਤੇ ਲੈ ਜਾਣ ਲਈ ਰੇਲਵੇ ਨਾਲ ਵਧੇਰੇ ਤਾਲਮੇਲ ਕਰ ਅਤੇ ਜ਼ਿਆਦਾ ਵਿਸ਼ੇਸ਼ ਰੇਲਗੱਡੀਆਂ ਚਲਾਉਣ ਨੂੰ ਕਿਹਾ ਹੈ। ਇਹ ਯਕੀਨੀ ਕੀਤਾ ਜਾਵੇ ਕਿ ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਸੜਕਾਂ ਜਾਂ ਰੇਲ ਦੀਆਂ ਪਟੜੀਆਂ 'ਤੇ ਪੈਦਲ ਨਹੀਂ ਚੱਲਣਾ ਪਵੇ।  ਮਜ਼ਦੂਰ ਜਿੱਥੇ ਹਨ, ਉਨ੍ਹਾਂ ਨੂੰ ਉਥੇ ਹੀ ਰੋਕਣ ਲਈ ਖਾਣ, ਸਿਹਤ ਸਹੂਲਤਾਂ ਅਤੇ ਕਾਊਂਸਲਿੰਗ ਦੀ ਵਿਵਸਥਾ ਕੀਤੀ ਜਾਵੇ।

ਕੇਂਦਰ ਨੇ ਪ੍ਰਵਾਸੀਆਂ ਦੇ ਟ੍ਰਾਂਸਪੋਰਟ ਲਈ ਬੱਸਾਂ ਦੀ ਗਿਣਤੀ ਵਧਾਉਣ ਦਾ ਵੀ ਸੁਝਾਅ ਦਿੱਤਾ। ਗ੍ਰਹਿ ਮੰਤਰਾਲਾ ਨੇ ਟਰੇਨਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਲਈ ਮਾਣਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਵੀ ਮੰਗਲਵਾਰ ਨੂੰ ਜਾਰੀ ਕੀਤੀ।  ਮਜ਼ਦੂਰ ਟਰੇਨਾਂ ਲਈ ਸੂਬਿਆਂ ਦੀ ਆਗਿਆ ਮਿਲਣ 'ਚ ਦੇਰੀ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲਾ ਨੇ ਮਾਣਕ ਸੰਚਾਲਨ ਪ੍ਰਕਿਰਿਆ 'ਚ ਇਹ ਸਪੱਸ਼ਟ ਕੀਤਾ ਹੈ ਕਿ ਹੁਣ ਮਜ਼ਦੂਰ ਟਰੇਨਾਂ ਦੇ ਸੰਚਾਲਨ ਲਈ ਮੰਜ਼ਿਲ ਸੂਬਿਆਂ ਦੀ ਸਹਿਮਤੀ ਦੀ ਜ਼ਰੂਰਤ ਨਹੀਂ ਹੈ।

ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸਾਰੇ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਸ਼ਾਸਨਾਂ ਨੂੰ ਭੇਜੇ ਪੱਤਰ 'ਚ ਕਿਹਾ ਕਿ ਫਸੇ ਹੋਏ ਕਰਮਚਾਰੀਆਂ ਦੇ ਘਰ ਪਰਤਣ ਦੀ ਸਭ ਤੋਂ ਵੱਡੀ ਵਜ੍ਹਾ ਕੋਵਿਡ-19 ਦਾ ਖ਼ਤਰਾ ਅਤੇ ਰੋਜ਼ੀ-ਰੋਟੀ ਗੁਆਉਣ ਦੀ ਸੰਭਾਵਨਾ ਹੈ।  ਉਨ੍ਹਾਂ ਕਿਹਾ ਕਿ ਸਾਫ਼-ਸਫਾਈ, ਭੋਜਨ ਅਤੇ ਸਿਹਤ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦੇ ਹੋਏ ਠਹਿਰਣ ਦੀਆਂ ਥਾਵਾਂ ਦੀ ਵੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅੰਤਰਰਾਜੀ ਸਰਹੱਦ 'ਤੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਜਾ ਰਹੀਆਂ ਬੱਸਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਵੇ। ਪ੍ਰਵਾਸੀ ਮਜ਼ਦੂਰਾਂ ਵਿਚਾਲੇ ਔਰਤਾਂ, ਬੱਚਿਆਂ ਅਤੇ ਬਜੁਰਗਾਂ ਦੀ ਖਾਸ ਜ਼ਰੂਰਤਾਂ 'ਤੇ ਵਿਸ਼ੇਸ਼ ਰੂਪ ਨਾਲ ਧਿਆਨ ਦਿੱਤਾ ਜਾਵੇ।

ਜਿਲਾ ਪ੍ਰਸ਼ਾਸਨ ਦੇ ਅਧਿਕਾਰੀ ਪੈਦਲ ਚੱਲ ਰਹੇ ਮਜ਼ਦੂਰਾਂ ਨੂੰ ਠਹਿਰਣ ਦੇ ਨਿਰਧਾਰਤ ਸਥਾਨਾਂ 'ਤੇ ਜਾਂ ਟ੍ਰਾਂਸਪੋਰਟ ਦੇ ਜ਼ਰੀਏ ਉਪਲੱਬਧ ਕਰਵਾ ਕੇ ਨੇੜਲੇ ਬੱਸ ਅੱਡਿਆਂ ਜਾਂ ਰੇਲਵੇ ਸਟੇਸ਼ਨਾਂ ਤੱਕ ਭੇਜਣ, ਪ੍ਰਵਾਸੀਆਂ ਦੇ ਪਤੇ ਅਤੇ ਫੋਨ ਨੰਬਰ ਲਿਖਣ ਜੋ ਕਿ ਅੱਗੇ ਸੰਪਰਕਾਂ ਦਾ ਪਤਾ ਲਗਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ ਅਤੇ ਠਹਿਰਣ ਦੇ ਸਥਾਨਾਂ 'ਤੇ ਐਨ.ਜੀ.ਓ.  ਦੇ ਨੁਮਾਇੰਦਿਆਂ ਨੂੰ ਕੰਮ 'ਤੇ ਲਗਾਇਆ ਜਾ ਸਕਦਾ ਹੈ।


Inder Prajapati

Content Editor

Related News