ਹੁਣ ਦਲਿਤ ਪ੍ਰਤੀਨਿਧੀਤੱਵ ਨਾਲ ਮੰਤਰੀ ਮੰਡਲ ਦੀ ਕਮੀ ਹੋਈ ਦੂਰ : ਸਚਿਨ ਪਾਇਲਟ
Sunday, Nov 21, 2021 - 01:14 PM (IST)
ਜੈਪੁਰ (ਵਾਰਤਾ)– ਰਾਜਸਥਾਨ ਦੇ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਗਹਿਲੋਤ ਮੰਤਰੀ ਮੰਡਲ ਦੇ ਮੁੜ ਗਠਨ ’ਤੇ ਖ਼ੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਦਲਿਤ ਪ੍ਰਤੀਨਿਧੀਤੱਵ ਨਾਲ ਮੰਤਰੀ ਮੰਡਲ ਦੀ ਕਮੀ ਦੂਰ ਹੋ ਗਈ ਹੈ। ਪਾਇਲਟ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਕਾਂਗਰਸ ਪਾਰਟੀ, ਸੋਨੀਆ ਗਾਂਧੀ ਅਤੇ ਪ੍ਰਦੇਸ਼ ਦੀ ਸਰਕਾਰ ਨੇ ਜੋ ਕੁਝ ਕਮੀਆਂ ਸਨ, ਉਸ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ’ਚ ਆਦਿਵਾਸੀਆਂ ਦਾ ਪ੍ਰਤੀਨਿਧੀਤੱਵ ਵੀ ਸ਼ਾਮਲ ਹੈ। ਮੈਨੂੰ ਲੱਗਦਾ ਹੈ ਕਿ ਇਹ ਇਕ ਜ਼ਰੂਰੀ ਕਦਮ ਸੀ, ਜਿਸ ਨੂੰ ਕਾਂਗਰਸ ਅਤੇ ਸੂਬਾ ਸਰਕਾਰ ਨੇ ਅੱਗੇ ਵਧਾਇਆ ਹੈ।
ਇਹ ਵੀ ਪੜ੍ਹੋ : ਗਹਿਲੋਤ ਮੰਤਰੀ ਮੰਡਲ ਦੇ ਸਾਰੇ ਮੰਤਰੀਆਂ ਨੇ ਦਿੱਤਾ ਅਸਤੀਫਾ, ਕੱਲ 2 ਵਜੇ ਹੋਵੇਗੀ ਵਿਧਾਇਕਾਂ ਦੀ ਬੈਠਕ
ਪਾਇਲਟ ਨੇ ਕਿਹਾ ਕਿ ਇਸ ਨਵੀਂ ਕੈਬਨਿਟ ’ਚ 4 ਦਲਿਤ ਮੰਤਰੀ ਸ਼ਾਮਲ ਹਨ। ਇਹ ਇਕ ਸੰਦੇਸ਼ ਹੈ ਕਿ ਕਾਂਗਰਸ ਪਾਰਟੀ, ਰਾਜ ਸਰਕਾਰ ਅਤੇ ਪਾਰਟੀ ਦਲਿਤਾਂ, ਪਿਛੜੇ ਅਤੇ ਗਰੀਬਾਂ ਲਈ ਪ੍ਰਤੀਨਿਧੀਤੱਵ ਚਾਹੁੰਦੀ ਹੈ। ਲੰਬੇ ਸਮੇਂ ਤੋਂ ਸਾਡੀ ਸਰਕਾਰ ’ਚ ਦਲਿਤ ਪ੍ਰਤੀਨਿਧੀਤੱਵ ਨਹੀਂ ਸੀ, ਹੁਣ ਇਸ ਦੀ ਭਰਪਾਈ ਹੋ ਗਈ ਹੈ ਅਤੇ ਉਨ੍ਹਾਂ ਨੂੰ ਚੰਗੀ ਗਿਣਤੀ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਾਹ ਕਿ ਮੈਂ ਹਮੇਸ਼ਾ ਮੁੱਦਿਆਂ ਦੀ ਗੱਲ ਕੀਤੀ ਹੈ। ਅਸੀਂ ਕਦੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕੀਤੀ। ਮੈਨੂੰ ਖੁਸ਼ੀ ਹੈ ਕਿ ਸੋਨੀਆ ਗਾਂਧੀ ਨੇ ਜੋ ਸਾਡੀਆਂ ਸਮੱਸਿਆਵਾਂ ਨੂੰ ਲੈ ਕੇ ਕਮੇਟੀ ਬਣਾਈ ਸੀ, ਉਸ ਦਾ ਸਕਾਰਾਤਮਕ ਨਤੀਜਾ ਕੱਲ ਆਇਆ ਹੈ ਅਤੇ ਅੱਗੇ ਵੀ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ ; ਅੱਜ ਰਾਜਸਥਾਨ ਸਰਕਾਰ 'ਚ 11 ਕੈਬਨਿਟ ਅਤੇ 4 ਰਾਜ ਮੰਤਰੀ ਚੁੱਕਣਗੇ ਸਹੁੰ
ਪਾਇਲਟ ਨੇ ਕਿਹਾ ਕਿ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਕੰਮ ਕਰੇਗੀ ਅਤੇ 2023 ’ਚ ਕਾਂਗਰਸ ਮੁੜ ਸਰਕਾਰ ਬਣਾਏਗੀ। ਪਾਇਲਟ ਨੇ ਕਿਹਾ ਕਿ ਮੈਂ ਕਾਂਗਰਸ ਪ੍ਰਧਾਨ ਨੂੰ ਮਿਲਿਆ ਅਤੇ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ। ਜੋ ਵੀ ਕਾਂਗਰਸ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ, ਮੈਂ ਪੂਰੀ ਤਾਕਤ ਨਾਲ ਨਿਭਾਈ ਹੈ। ਜੋ ਪਾਰਟੀ ਮੈਨੂੰ ਆਉਣ ਵਾਲੇ ਸਮੇਂ ’ਚ ਨਿਰਦੇਸ਼ ਦੇਵੇਗੀ, ਮੈਨੂੰ ਜਿੱਥੇ ਵੀ ਕੰਮ ਦੇਵੇਗੀ, ਉਹ ਕਰਨਗੇ। ਰਾਜਸਥਾਨ ’ਚ 2023 ’ਚ ਸਰਕਾਰ ਅਸੀਂ ਵਾਪਸ ਬਣਾਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇਕ ਸਿਧਾਂਤ ਦੇ ਅਧੀਨ ਆਪਣੀਆਂ ਸਮੱਸਿਆਵਾਂ ਚੁਕੀਆਂ ਸੀ, ਜਿਸ ਦਾ ਸਕਾਰਾਤਮਕ ਨਤੀਜਾ ਆਇਆ ਹੈ। ਇਸ ਵਾਰ ਦੀ ਜੋ ਕੈਬਨਿਟ ਹੈ, ਉਸ ’ਚ ਸਾਰੇ ਵਰਗਾਂ ਦੀ ਹਿੱਸੇਦਾਰੀ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ