ਇਸ ਸੂਬੇ ''ਚ ਦੋ ਹਫ਼ਤੇ ਲਈ ਵਧਾਇਆ ਗਿਆ ਲਾਕਡਾਊਨ

Wednesday, May 12, 2021 - 08:51 PM (IST)

ਮੁੰਬਈ - ਕੋਰੋਨਾ ਦਾ ਭਿਆਨਕ ਕਹਿਰ ਝੱਲ ਰਹੇ ਮਹਾਰਾਸ਼ਟਰ ਵਿੱਚ ਇੱਕ ਵਾਰ ਫਿਰ ਲਾਕਡਾਊਨ ਵਧਾਇਆ ਜਾਣਾ ਲੱਗਭੱਗ ਤੈਅ ਹੈ। ਇਸ ਨੂੰ ਇਸ ਵਾਰ 31 ਮਈ ਤੱਕ ਵਧਾਇਆ ਜਾਵੇਗਾ। ਇਸ ਦੇ ਨਾਲ ਹੀ ਰਾਜ ਵਿੱਚ ਪਹਿਲਾਂ ਦੀ ਤਰ੍ਹਾਂ ਜ਼ਰੂਰੀ ਸੇਵਾਵਾਂ ਲਈ ਦਿੱਤੀ ਗਈ ਛੋਟ ਜਾਰੀ ਰਹੇਗੀ। ਲਾਕਡਾਊਨ ਨੂੰ ਲੈ ਕੇ ਹੋਈ ਇੱਕ ਅਹਿਮ ਬੈਠਕ ਵਿੱਚ ਰਾਜ ਦੇ ਸਿਹਤ ਮੰਤਰਾਲਾ ਨੇ ਇਸ ਨੂੰ 31 ਮਈ ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ।

ਅੱਜ ਹੋਈ ਕੈਬਨਿਟ ਬੈਠਕ ਤੋਂ ਬਾਅਦ ਰਾਜ ਵਲੋਂ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਬੈਠਕ ਵਿੱਚ ਸਿਹਤ ਵਿਭਾਗ ਅਤੇ ਮੰਤਰਾਲਾ ਨੇ ਹੋਰ 15 ਦਿਨ ਲਈ ਲਾਕਡਾਊਨ ਵਧਾਉਣ ਦਾ ਪ੍ਰਸਤਾਵ ਰੱਖਿਆ। ਇਸ ਬਾਰੇ ਆਖ਼ਰੀ ਫੈਸਲਾ ਸੀ.ਐੱਮ. ਉੱਧਵ ਠਾਕਰੇ ਲੈਣਗੇ।

ਇਹ ਵੀ ਪੜ੍ਹੋ- ਮਮਤਾ ਦੀ ਮੋਦੀ ਨੂੰ ਚਿੱਠੀ, ਕਿਹਾ- ਵੈਕਸੀਨ ਬਣਾਉਣ ਲਈ ਬੰਗਾਲ ਜ਼ਮੀਨ ਦੇਣ ਨੂੰ ਤਿਆਰ

ਮੌਜੂਦਾ ਲਾਕਡਾਊਨ ਦੀ ਮਿਆਦ 15 ਮਈ ਨੂੰ ਖ਼ਤਮ ਹੋ ਰਹੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੀ ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਸੰਕੇਤ ਦਿੱਤਾ ਸੀ ਕਿ ਇਸ ਲਾਕਡਾਊਨ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ। ਰਾਜ ਵਿੱਚ ਕੋਰੋਨਾ ਇਨਫੈਕਸ਼ਨ ਦੀ ਚੇਨ ਨੂੰ ਤੋੜਨ ਲਈ ਉੱਧਵ ਸਰਕਾਰ ਨੇ ਸਭ ਤੋਂ ਪਹਿਲਾਂ 22 ਅਪ੍ਰੈਲ ਤੋਂ 1 ਮਈ ਤੱਕ ਲਾਕਡਾਉਨ ਵਰਗੇ ਬੇਹੱਦ ਸਖ਼ਤ ਪਾਬੰਦੀਆਂ ਲਗਾਈਆਂ ਸਨ। ਇਸ ਤੋਂ ਬਾਅਦ ਇਨ੍ਹਾਂ ਪਾਬੰਦੀਆਂ ਨੂੰ ਹੋਰ ਸਖ਼ਤ ਕਰਦੇ ਹੋਏ ਇਸ ਨੂੰ 15 ਮਈ ਤੱਕ ਵਧਾ ਦਿੱਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News