UCC ਨੂੰ ਲਾਗੂ ਕਰਨ ਦਾ ਹੁਣ ਸਹੀ ਸਮਾਂ : ਨਕਵੀ
Sunday, Jul 02, 2023 - 01:39 PM (IST)

ਨਵੀਂ ਦਿੱਲੀ (ਭਾਸ਼ਾ)- ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਨੂੰ ਲਾਗੂ ਕਰਨ ਦਾ ਹੁਣ ਸਹੀ ਸਮਾਂ ਹੈ। ਨਕਵੀ ਨੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਆਪਣੀ ਜ਼ਮੀਰ ਦੀ ਗੱਲ ਸੁਣਨ ਅਤੇ ਫਿਰਕੂ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ। ਉਨ੍ਹਾਂ ਸ਼ਨੀਵਾਰ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ 'ਇਸ ਸਮਾਵੇਸ਼ੀ ਸੁਧਾਰ ਨੂੰ ਲਾਗੂ ਕਰਨ ਦਾ ਇਹ ਸਹੀ ਸਮਾਂ ਹੈ। ਜਿੱਥੋਂ ਤੱਕ ਇਸ ਕਾਨੂੰਨ ਦਾ ਸਬੰਧ ਹੈ, ਇਹ ‘ਹੁਣ ਨਹੀਂ ਤਾਂ ਕਦੇ ਨਹੀਂ’ ਵਾਲੀ ਸਥਿਤੀ ’ਚ ਹੈ। ਯੂ. ਸੀ. ਸੀ. ਸਾਰਿਆਂ ਲਈ ਬਰਾਬਰੀ ਅਤੇ ਨਿਆਂ ਨੂੰ ਯਕੀਨੀ ਬਣਾਏਗੀ। ਯੂ. ਸੀ. ਸੀ. ਦਾ ਮਤਲਬ ਇੱਕ ਸਾਂਝਾ ਕਾਨੂੰਨ ਹੈ ਜੋ ਦੇਸ਼ ਦੇ ਸਾਰੇ ਨਾਗਰਿਕਾਂ ’ਤੇ ਲਾਗੂ ਹੁੰਦਾ ਹੈ
ਉਨ੍ਹਾਂ ਕਿਹਾ ਕਿ ਦੇਸ਼ ਦਾ ਮਨੋਰਥ ਯੂ. ਸੀ. ਸੀ. ਨੂੰ ਫਿਰਕੂ ਸਾਜ਼ਿਸ਼ਕਾਰਾਂ ਦੇ ਚੁੰਗਲ ਤੋਂ ਮੁਕਤ ਕਰਵਾਉਣਾ ਹੈ, ਜਿਨ੍ਹਾਂ ਨੇ ਇਸ ਨੂੰ ਪਿਛਲੇ ਸੱਤ ਦਹਾਕਿਆਂ ਤੋਂ ਆਪਣੀ ਸੌੜੀ ਸੋਚ ਅਤੇ ਸਵਾਰਥ ਲਈ ਬੰਧਕ ਬਣਾ ਕੇ ਰੱਖਿਆ ਹੈ। ਵਿਰੋਧੀ ਪਾਰਟੀਆਂ ਦੀ ਆਲੋਚਨਾ ਕਰਦੇ ਹੋਏ ਭਾਜਪਾ ਨੇਤਾ ਨੇ ਕਿਹਾ ਕਿ ਯੂ. ਸੀ. ਸੀ. ਵਰਗੇ ਪ੍ਰਗਤੀਸ਼ੀਲ ਕਾਨੂੰਨ ਬਾਰੇ ਫਿਰਕੂ ਰਾਜਨੀਤੀ ਦਾ ਇੱਕੋ ਇੱਕ ਢੁਕਵਾਂ ਜਵਾਬ ਜ਼ਮੀਰ ਦੀ ਆਵਾਜ਼ ਨੂੰ ਸੁਣਨਾ ਹੈ।