ਹੁਣ ਕਿਵੇਂ ਹੈ ਦਿੱਗਜ ਅਦਾਕਾਰ ਰਜਨੀਕਾਂਤ ਦੀ ਤਬੀਅਤ? ਜਾਣੋ ਕਦੋਂ ਮਿਲੇਗੀ ਹਸਪਤਾਲ ਤੋਂ ਛੁੱਟੀ

Tuesday, Oct 01, 2024 - 11:18 PM (IST)

ਹੁਣ ਕਿਵੇਂ ਹੈ ਦਿੱਗਜ ਅਦਾਕਾਰ ਰਜਨੀਕਾਂਤ ਦੀ ਤਬੀਅਤ? ਜਾਣੋ ਕਦੋਂ ਮਿਲੇਗੀ ਹਸਪਤਾਲ ਤੋਂ ਛੁੱਟੀ

ਨੈਸ਼ਨਲ ਡੈਸਕ : ਦਿੱਗਜ ਫਿਲਮ ਅਦਾਕਾਰ ਰਜਨੀਕਾਂਤ ਦੇ ਦਿਲ ਦੀਆਂ ਮੁੱਖ ਖੂਨ ਦੀਆਂ ਨਾੜੀਆਂ ਵਿਚ ਸਮੱਸਿਆ ਅਤੇ ਸੋਜ ਨੂੰ ਰੋਕਣ ਲਈ ਮੰਗਲਵਾਰ ਨੂੰ ਇਕ ਗੈਰ-ਸਰਜੀਕਲ ਪ੍ਰਕਿਰਿਆ ਤਹਿਤ ਇਕ ਸਟੰਟ ਲਾਇਆ ਗਿਆ।

ਅਪੋਲੋ ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਬਿਹਤਰ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਰਜਨੀਕਾਂਤ (73) ਨੂੰ 30 ਸਤੰਬਰ ਨੂੰ ਇੱਥੋਂ ਦੇ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਅਪੋਲੋ ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਦਿਲ ਤੋਂ ਨਿਕਲਣ ਵਾਲੀਆਂ ਮੁੱਖ ਖੂਨ ਦੀਆਂ ਨਾੜੀਆਂ, ਏਰੋਟਾ ਵਿਚ ਸੋਜ ਸੀ, ਜਿਸਦਾ ਇਲਾਜ ਗੈਰ-ਸਰਜੀਕਲ 'ਟਰਾਂਸਕੇਥੀਟਰ' ਵਿਧੀ ਨਾਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬਦਲ ਗਿਆ ਲਾਈਫ ਇੰਸ਼ੋਰੈਂਸ ਨਾਲ ਜੁੜਿਆ ਇਹ ਨਿਯਮ, ਹੁਣ ਪਾਲਿਸੀ ਸਰੰਡਰ ਕਰਨ 'ਤੇ ਮਿਲੇਗਾ ਜ਼ਿਆਦਾ ਪੈਸਾ

ਅਪੋਲੋ ਹਸਪਤਾਲ ਚੇਨਈ ਦੇ ਮੈਡੀਕਲ ਸੇਵਾਵਾਂ ਦੇ ਡਾਇਰੈਕਟਰ ਡਾ. ਆਰ. ਕੇ. ਵੈਂਕਟਸਲਮ ਨੇ ਇਕ ਬੁਲੇਟਿਨ ਵਿਚ ਕਿਹਾ, "ਸੀਨੀਅਰ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਡਾ. ਸਾਈਂ ਸਤੀਸ਼ ਨੇ ਰਜਨੀਕਾਂਤ ਦੀ ਏਓਰਟਾ (ਮਹਾਧਮਨੀ) ਵਿਚ ਇਕ ਸਟੰਟ ਲਾਇਆ ਗਿਆ, ਜਿਸ ਨਾਲ ਸੋਜ ਪੂਰੀ ਤਰ੍ਹਾਂ ਬੰਦ ਹੋ ਗਈ।" ਡਾ. ਵੈਂਕਟਸਲਮ ਨੇ ਕਿਹਾ, ''ਅਸੀਂ ਉਨ੍ਹਾਂ ਦੇ ਸ਼ੁਭਚਿੰਤਕਾਂ ਅਤੇ ਪ੍ਰਸ਼ੰਸਕਾਂ ਨੂੰ ਦੱਸਣਾ ਚਾਹਾਂਗੇ ਕਿ ਇਹ ਪ੍ਰਕਿਰਿਆ ਯੋਜਨਾ ਅਨੁਸਾਰ ਚੱਲੀ। ਰਜਨੀਕਾਂਤ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਉਹ ਦੋ ਦਿਨਾਂ ਵਿਚ ਘਰ ਚਲੇ ਜਾਣਗੇ।''

ਇਸ ਤੋਂ ਪਹਿਲਾਂ ਦਿਨ 'ਚ ਤਾਮਿਲਨਾਡੂ ਦੇ ਸਿਹਤ ਮੰਤਰੀ ਐੱਮ ਸੁਬਰਾਮਨੀਅਮ ਨੇ ਕਿਹਾ ਸੀ ਕਿ ਸੁਪਰਸਟਾਰ ਦੀ ਸਿਹਤ ਸਥਿਰ ਹੈ। ਮੰਤਰੀ ਨੇ ਕਿਹਾ ਕਿ ਉਹ ਅਭਿਨੇਤਾ ਦੇ ਦਾਖਲ ਹੋਣ ਤੋਂ ਬਾਅਦ ਤੋਂ ਹਸਪਤਾਲ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਨ ਅਤੇ ਮੰਗਲਵਾਰ ਸਵੇਰੇ ਡਾਕਟਰਾਂ ਤੋਂ ਵੀ ਪੁੱਛਗਿੱਛ ਕੀਤੀ। ਕਈ ਲੋਕਾਂ ਨੇ ਅਦਾਕਾਰ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

ਤਾਮਿਲਨਾਡੂ ਦੇ ਰਾਜਪਾਲ ਆਰ. ਐੱਨ. ਰਵੀ ਨੇ ਰਜਨੀਕਾਂਤ ਦੇ ਜਲਦੀ ਠੀਕ ਹੋਣ ਦੀ ਕਾਮਨਾ 'ਤੇ ਇਕ ਪੋਸਟ ਵਿਚ ਕਿਹਾ, "ਮੈਂ ਦੁਨੀਆ ਭਰ ਵਿਚ ਰਜਨੀਕਾਂਤ ਦੇ ਲੱਖਾਂ ਸਮਰਪਿਤ ਪ੍ਰਸ਼ੰਸਕਾਂ ਦੇ ਨਾਲ ਖੜ੍ਹਾ ਹਾਂ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ।" ਏਆਈਏਡੀਐੱਮਕੇ ਮੁਖੀ ਅਤੇ ਵਿਰੋਧੀ ਧਿਰ ਦੇ ਨੇਤਾ ਈਕੇ ਪਲਾਨੀਸਵਾਮੀ, ਪੀਐੱਮਕੇ ਦੇ ਪ੍ਰਧਾਨ ਡਾ. ਅੰਬੂਮਨੀ ਰਾਮਦਾਸ ਅਤੇ ਅੰਮਾ ਮੱਕਲ ਮੁਨੇਤਰਾ ਕੜਗਮ ਦੇ ਸੰਸਥਾਪਕ ਟੀਟੀਵੀ ਦਿਨਾਕਰਨ ਨੇ ਵੀ ਰਜਨੀਕਾਂਤ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Sandeep Kumar

Content Editor

Related News