ਹੁਣ ਬ੍ਰਹਮਪੁੱਤਰ ਦਰਿਆ ''ਤੇ ਡੈਮ ਬਣਾਉਣ ਦੀ ਤਿਆਰੀ ਵਿਚ ਚੀਨ
Monday, Jan 25, 2021 - 09:17 PM (IST)
ਨਵੀਂ ਦਿੱਲੀ (ਏ. ਐੱਨ. ਆਈ.)- ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿਚ ਜ਼ਮੀਨ 'ਤੇ ਜਾਰੀ ਡੈੱਡਲਾਕ ਦਰਮਿਆਨ ਹੁਣ ਚੀਨ ਪਾਣੀ ਦੇ ਖੇਤਰ ਵਿਚ ਵੀ ਭਾਰਤ ਨਾਲ ਪੰਗਾ ਲੈਣ ਦੇ ਯਤਨਾਂ ਵਿਚ ਹੈ। ਇਸ ਕਾਰਣ ਦੋਹਾਂ ਦੇਸ਼ਾਂ ਦਰਮਿਆਨ ਪਾਣੀ ਨੂੰ ਲੈ ਕੇ ਜੰਗ ਛਿੜ ਸਕਦੀ ਹੈ। ਇਸ ਦੇ ਨਾਲ ਹੀ ਚੀਨ ਪੂਰਬੀ ਲੱਦਾਖ ਦੇ ਦੇਪਸਾਂਗ ਵਿਖੇ ਚੁੱਪ-ਚਾਪ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ। ਦੌਲਤ ਬੇਗ ਓਲਡੀ ਨੇੜੇ ਨਵੀਆਂ ਥਾਵਾਂ 'ਤੇ ਉਹ ਆਪਣੇ ਫੌਜੀਆਂ ਨੂੰ ਤਾਇਨਾਤ ਕਰ ਰਿਹਾ ਹੈ।
'ਏਸ਼ੀਆ ਟਾਈਮਜ਼' ਦੀ ਇਕ ਰਿਪੋਰਟ ਮੁਤਾਬਕ ਚੀਨ ਯਾਰਲੁੰਗ ਜੰਗਬਾਓ ਦਰਿਆ 'ਤੇ ਡੈਮ ਬਣਾਉਣ ਦੀ ਤਿਆਰੀ ਵਿਚ ਹੈ। ਉਕਤ ਦਰਿਆ ਭਾਰਤ ਵਿਚ ਆਉਣ 'ਤੇ ਬ੍ਰਹਮਪੁੱਤਰ ਬਣ ਜਾਂਦਾ ਹੈ। ਜੇ ਇਸ 'ਤੇ ਚੀਨ ਡੈਮ ਬਣਾਉਂਦਾ ਹੈ ਤਾਂ ਇਸ ਕਾਰਣ ਭਾਰਤ ਦੇ ਨਾਲ ਹੀ ਬੰਗਲਾਦੇਸ਼ ਨੂੰ ਜਾਣ ਵਾਲੇ ਪਾਣੀ ਦਾ ਵਹਾਅ ਵੀ ਪ੍ਰਭਾਵਿਤ ਹੋਵੇਗਾ। ਚੀਨ ਨੇ ਡੈਮ ਬਣਾਉਣ ਤੋਂ ਪਹਿਲਾਂ ਪਾਣੀ ਸਮਝੌਤੇ ਨੂੰ ਲਾਂਭੇ ਕਰ ਕੇ ਦੋਹਾਂ ਹੀ ਗੁਆਂਢੀ ਦੇਸ਼ਾਂ ਨਾਲ ਕੋਈ ਚਰਚਾ ਤੱਕ ਨਹੀਂ ਕੀਤੀ। ਜੇ ਚੀਨ ਇਹ ਡੈਮ ਬਣਾਉਂਦਾ ਹੈ ਤਾਂ ਉਸ ਦਾ ਇਹ ਕਦਮ ਦੋਹਾਂ ਦੇਸ਼ਾਂ ਨੂੰ ਪਾਣੀ ਦੀ ਜੰਗ ਵੱਲ ਲਿਜਾ ਸਕਦਾ ਹੈ।
ਖੇਤਰੀ ਮੀਡੀਆ ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਇਸ ਡੈਮ ਦੇ ਬਣਨ ਪਿੱਛੋਂ ਚੀਨ ਵੰਡ ਲਈ 3 ਗੁਣਾ ਵੱਧ ਬਿਜਲੀ ਪੈਦਾ ਕਰੇਗਾ। ਬ੍ਰਹਮਪੁੱਤਰ ਅਤੇ ਗਲੇਸ਼ੀਅਰ ਦੋਵੇਂ ਹੀ ਚੀਨ ਵਿਚੋਂ ਨਿਕਲਦੇ ਹਨ। ਦਰਿਆ ਦੇ ਉਪਰਲੇ ਖੇਤਰ ਵਿਚ ਹੋਣ ਕਾਰਣ ਚੀਨ ਲਾਭ ਦੀ ਹਾਲਤ ਵਿਚ ਹੈ। ਪਾਣੀ ਦੇ ਵਹਾਅ ਨੂੰ ਜਾਣ-ਬੁਝ ਕੇ ਰੋਕਣ ਲਈ ਉਹ ਬੁਨਿਆਦੀ ਢਾਂਚੇ ਦੀ ਉਸਾਰੀ ਕਰ ਸਕਦਾ ਹੈ। ਪਹਿਲਾਂ ਵੀ ਚੀਨ ਆਪਣੀ ਪਣ ਬਿਜਲੀ ਯੋਜਨਾ ਦਾ ਵੇਰਵਾ ਦੇਣ ਵਿਚ ਨਾਹ-ਨੁੱਕਰ ਕਰਦਾ ਰਿਹਾ ਹੈ। ਬੰਗਲਾਦੇਸ਼ ਜਿਸ ਦੇ ਚੀਨ ਨਾਲ ਵਧੀਆ ਸਬੰਧ ਹਨ, ਨੇ ਵੀ ਉਕਤ ਡੈਮ ਦਾ ਵਿਰੋਧ ਕੀਤਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।