ਕੈਬਨਿਟ ’ਚ ਦਬਦਬਾ, ਹੁਣ ਭਾਜਪਾ ਦਾ ਹੀ ਹੋਵੇਗਾ ਲੋਕ ਸਭਾ ਦਾ ਸਪੀਕਰ

Saturday, Jun 15, 2024 - 10:31 AM (IST)

ਕੈਬਨਿਟ ’ਚ ਦਬਦਬਾ, ਹੁਣ ਭਾਜਪਾ ਦਾ ਹੀ ਹੋਵੇਗਾ ਲੋਕ ਸਭਾ ਦਾ ਸਪੀਕਰ

ਨਵੀਂ ਦਿੱਲੀ- ਕੇਂਦਰੀ ਕੈਬਨਿਟ ’ਚ ਇਸ ਵਾਰ ਵੀ ਭਾਰਤੀ ਜਨਤਾ ਪਾਰਟੀ ਦਾ ਦਬਦਬਾ ਰਹੇਗਾ। ਜਨਤਾ ਦਲ (ਯੂ) ਨੇ ਕਿਹਾ ਹੈ ਕਿ ਉਹ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਦੀ ਹਮਾਇਤ ਕਰੇਗੀ। ਦੱਸਣਯੋਗ ਹੈ ਕਿ ਜਨਤਾ ਦਲ (ਯੂ) ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਦਾ ਹਿੱਸਾ ਹੈ। ਇਸ ਦੇ ਆਗੂ ਕੇ. ਸੀ. ਤਿਆਗੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਨਾਲ ਹੀ ਤੇਲਗੂ ਦੇਸ਼ਮ ਪਾਰਟੀ ਵੀ ਐੱਨ. ਡੀ. ਏ. ਦਾ ਹਿੱਸਾ ਹੈ । ਅਸੀਂ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਭਾਜਪਾ ਵੱਲੋਂ ਨਾਮਜ਼ਦ ਕੀਤੇ ਗਏ ਉਮੀਦਵਾਰ ਦੀ ਹਮਾਇਤ ਕਰਾਂਗੇ। ਜਨਤਾ ਦਲ (ਯੂ) ਤੇ ਤੇਲਗੂ ਦੇਸ਼ਮ ਪਾਰਟੀ ਐੱਨ. ਡੀ. ਏ. ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ। ਅਸੀਂ ਸਪੀਕਰ ਲਈ ਭਾਜਪਾ ਦੇ ਉਮੀਦਵਾਰ ਦੀ ਹਮਾਇਤ ਕਰਾਂਗੇ। ਤਿਆਗੀ ਕੋਲੋਂ ਕੁਝ ਵਿਰੋਧੀ ਨੇਤਾਵਾਂ ਦੀਆਂ ਟਿੱਪਣੀਆਂ ਬਾਰੇ ਸਵਾਲ ਪੁੱਛਿਆ ਗਿਆ ਸੀ।

ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਲੋਕ ਸਭਾ ਦਾ ਨਵਾਂ ਸਪੀਕਰ ਤੇਲਗੂ ਦੇਸ਼ਮ ਪਾਰਟੀ ਜਾਂ ਜਨਤਾ ਦਲ (ਯੂ) ਤੋਂ ਹੋ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਭਾਜਪਾ ਵੱਲੋਂ ਨਾਮਜ਼ਦ ਕੀਤੇ ਗਏ ਉਮੀਦਵਾਰ ਦੀ ਹਮਾਇਤ ਕਰਨਗੀਆਂ। ਭਾਜਪਾ ਇਸ ਸਮੇ ਕੇਂਦਰ ’ਚ ਆਪਣੀਆਂ ਸਹਿਯੋਗੀ ਪਾਰਟੀਆਂ ਨਾਲ ਗੱਠਜੋੜ ਸਰਕਾਰ ਦੀ ਅਗਵਾਈ ਕਰ ਰਹੀ ਹੈ। ਤਿਆਗੀ ਦੀ ਟਿੱਪਣੀ ਨੂੰ ਵੱਡੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਸਪੀਕਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰ ਸਕਦੀ ਹੈ।       ਇਸ ਅਹੁਦੇ ਲਈ ਸਹਿਯੋਗੀ ਪਾਰਟੀਆਂ ’ਚੋਂ ਕਿਸੇ ਉਮੀਦਵਾਰ ਦੀ ਚੋਣ ਨਹੀਂ ਹੋਵੇਗੀ। ਲੋਕ ਸਭਾ ਦੇ ਨਵੇਂ ਸਪੀਕਰ ਦੀ ਚੋਣ 26 ਜੂਨ ਨੂੰ ਕੀਤੀ ਜਾਏਗੀ। ਹਾਊਸ ਦੇ ਮੈਂਬਰ ਇਕ ਦਿਨ ਪਹਿਲਾਂ ਦੁਪਹਿਰ 12 ਵਜੇ ਤੱਕ ਉਮੀਦਵਾਰਾਂ ਦੇ ਹੱਕ ’ਚ ਪ੍ਰਸਤਾਵ ਲਈ ਨੋਟਿਸ ਦੇ ਸਕਦੇ ਹਨ।

ਪਹਿਲੀ ਬੈਠਕ 24 ਜੂਨ ਨੂੰ ਹੋਵੇਗੀ । ਸੈਸ਼ਨ 3 ਜੁਲਾਈ ਨੂੰ ਖਤਮ ਹੋਵੇਗਾ। ਇਸ ਸਬੰਧੀ ਲੋਕ ਸਭਾ ਵੱਲੋਂ ਇਕ ਬੁਲੇਟਿਨ ਜਾਰੀ ਕੀਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਸਪੀਕਰ ਦੀ ਚੋਣ ਲਈ ਨਿਰਧਾਰਤ ਮਿਤੀ ਤੋਂ ਇਕ ਦਿਨ ਪਹਿਲਾਂ ਕੋਈ ਵੀ ਮੈਂਬਰ ਸਪੀਕਰ ਦੇ ਅਹੁਦੇ ਲਈ ਕਿਸੇ ਹੋਰ ਮੈਂਬਰ ਦੇ ਹੱਕ ’ਚ ਪ੍ਰਸਤਾਵ ਲਈ ਸਕੱਤਰ ਜਨਰਲ ਨੂੰ ਲਿਖਤੀ ਨੋਟਿਸ ਦੇ ਸਕਦਾ ਹੈ। ਮੌਜੂਦਾ ਹਾਲਾਤ ’ਚ ਸਪੀਕਰ ਦੀ ਚੋਣ ਲਈ ਪ੍ਰਸਤਾਵ ਦਾ ਨੋਟਿਸ 25 ਜੂਨ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਦਿੱਤਾ ਜਾ ਸਕਦਾ ਹੈ। ਸੈਸ਼ਨ ਦੇ ਪਹਿਲੇ 2 ਦਿਨ ਨਵੇਂ ਚੁਣੇ ਗਏ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਨੂੰ ਸਮਰਪਿਤ ਹੋਣਗੇ। ਸਪੀਕਰ ਦੀ ਚੋਣ ਲਈ 26 ਜੂਨ ਦਾ ਦਿਨ ਨਿਰਧਾਰਿਤ ਕੀਤਾ ਗਿਆ ਹੈ। 27 ਜੂਨ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਪ੍ਰਸਤਾਵ ਲਈ ਨੋਟਿਸ ਦਾ ਸਮਰਥਨ ਕਿਸੇ ਤੀਜੇ ਮੈਂਬਰ ਵਲੋਂ ਕੀਤਾ ਜਾਣਾ ਜ਼ਰੂਰੀ ਹੈ।


author

Tanu

Content Editor

Related News