ਨੋਟਬੰਦੀ ਦੀ ਵਰ੍ਹੇਗੰਢ ਤੇ ਵਿਸ਼ੇਸ਼ ਵਿਅੰਗਾਤਮਕ ਆਰਟੀਕਲ “ਨੋਟਬੰਦੀ ਨੂੰ ਚੇਤੇ ਕਰਦਿਆਂ...!''''

Sunday, Nov 08, 2020 - 10:30 AM (IST)

ਨਸ-ਬੰਦੀ, ਸ਼ਰਾਬ-ਬੰਦੀ, ਨਾਕਾ-ਬੰਦੀ, ਘੇਰਾ-ਬੰਦੀ, ਸਿਹਰਾ-ਬੰਦੀ ਅਤੇ ਜੰਗ-ਬੰਦੀ ਸ਼ਬਦਾਂ ਬਾਰੇ ਤਾਂ ਅਕਸਰ ਸੁਣਦੇ ਆਏ ਸਾਂ, ਪਰੰਤੂ ਚਾਰ ਕੁ ਸਾਲ ਪਹਿਲਾਂ ਅੱਠ ਨਵੰਬਰ ਨੂੰ ਰਾਤ ਅੱਠ ਵਜੇ ਜਿਵੇਂ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਨਾਂ ਆਪਣੇ ਸੰਦੇਸ਼ ਰਾਹੀਂ ਸਰਜੀਕਲ ਸਟਰਾਈਕ ਅੰਦਾਜ਼ ਵਿੱਚ ਨੋਟਬੰਦੀ ਦਾ ਐਲਾਨ ਕੀਤਾ ਤਾਂ ਮੰਨੋ ਦੇਸ਼ ਦੇ ਹਰ ਆਮ-ਖਾਸ ਨਾਗਰਿਕ ਨੂੰ ਜਿਵੇਂ “ਏਕ ਜ਼ੋਰ ਕਾ ਝਟਕਾ ਧੀਰੇ ਸੇ ਲਗਾ”। 

ਰਾਤ ਤਾਂ ਜਿਵੇਂ-ਤਿਵੇਂ ਲੰਘ ਗਈ, ਪਰ ਸਵੇਰ ਹੁੰਦੇ ਸਾਰ ਇਸ ਝਟਕੇ ਦੀ ਸ਼ਿੱਦਤ ਦਾ ਅਹਿਸਾਸ ਉਦੋਂ ਹੋਇਆ, ਜਦੋਂ ਅਸੀਂ ਦੁੱਧ ਵਾਲੇ ਨਾਲ ਉਸਦੇ ਪਿਛਲੇ ਮਹੀਨੇ ਦਾ ਹਿਸਾਬ ਕਰਦਿਆਂ 500-500 ਰੁਪਏ ਦੇ ਚਾਰ ਨੋਟ ਫੜਾਏ ਉਸ ਦੀ ਹਥੇਲੀ ਤੇ ਧਰੇ । ਨੋਟ ਵੇਖਦਿਆਂ ਉਸਨੇ ਸਾਨੂੰ ਇੰਝ ਘੂਰ ਕੇ ਵੇਖਿਆ ਜਿਵੇਂ ਅਸੀਂ ਉਸ ਨੂੰ ਚੂਰਨ ਦੀਆਂ ਪੁੜੀਆਂ ਨਿਕਲਣ ਵਾਲੇ ਜਾਅਲੀ ਨੋਟ ਫੜਾ ਦਿੱਤੇ ਹੋਣ। ਉਸ ਨੇ ਨਾਲ ਹੀ ਕਿਹਾ, ਬਾਬੂ ਜੀ, ਹੁਣ ਇਹ ਨੋਟ ਨਹੀਂ ਚਲਦੇ।ਅਸੀਂ ਉਸ ਨੂੰ ਮੁਸ਼ਕਲ ਨਾਲ ਸਮਝਾਇਆ ਕਿ ਭਾਈ ਹਾਲੇ ਤਾਂ ਇਹ ਨੋਟ ਪੰਜਾਹ ਦਿਨਾਂ ਤੱਕ ਚਲੱਣਗੇ। ਕਾਫੀ ਬਹਿਸ ਕਰਨ ਤੇ ਬਾਅਦ ਉਹ ਦੁੱਧ ਵਾਲਾ ਸਾਡੇ ਗਾੜ੍ਹੇ ਖੂਨ ਪਸੀਨੇ ਦੀ ਕਮਾਈ ਵਾਲੇ ਨੋਟ ਲੈਣ ਨੂੰ ਰਜ਼ਾ-ਮੰਦ ਹੋਇਆ । 

ਉਸ ਤੋਂ ਬਾਅਦ ਜਿਵੇਂ ਹੀ ਦਿਨ ਨਿਕਲਿਆ ਤਿਵੇਂ ਹੀ ਸਾਡੀਆਂ ਪ੍ਰੀਖਿਆਵਾਂ ਦਾ ਦੌਰ ਸ਼ੁਰੂ ਹੋ ਗਿਆ। ਸਵੇਰੇ ਦਸ ਵਜੇ ਕਰੀਬ ਗਲੀ 'ਚ ਇਕ ਸਬਜ਼ੀ ਵਾਲੇ ਨੇ ਹੋਕਾ ਲਾਇਆ ਤਾਂ ਸਾਡੀ ਗ੍ਰਹਿ-ਮੰਤਰੀ ਭਾਵ ਮੇਰੀਇਕਲੌਤੀ ਪਤਨੀ ਨੇ ਸਬਜ਼ੀ ਖਰੀਦਣ ਦੇ ਉਦੇਸ਼ ਨਾਲ ਫੇਰੀ ਵਾਲੇ ਨੂੰ ਰੋਕਿਆ ਅਤੇ ਤਮਾਮ ਸਬਜ਼ੀਆਂ ਦੇ ਰੇਟ ਪਤਾ ਕਰਨ ਉਪੰਰਤ ਬੈਂਗਣ, ਭਿੰਡੀ ਅਤੇ ਆਲੂਆਂ ਨੂੰ ਤੁਲਵਾਉਣ ਲਈ ਛਾਂਟ-ਛਾਂਟ ਕੱਢਣਾ ਸ਼ੁਰੂ ਕੀਤਾ, ਤਾਂ ਸਬਜ਼ੀ ਵਾਲੇ ਪ੍ਰਵਾਸੀ ਨੇ ਘਰਵਾਲੀ ਨੂੰ ਕਿਹਾ, ਭੈਣ ਜੀ, ਸਬਜ਼ੀ ਜਿਤਨੀ ਜੀ ਚਾਹੇ ਖਰੀਦ ਲੈ, ਲੇਕਿਨ ਆਪ ਸੇ 500 ਯਾ ਹਜ਼ਾਰ ਕਾ ਨੋਟ ਮੈਂ ਨਹੀਂ ਲੂੰਗਾ।” ਉੱਧਰ ਪਤਨੀ ਦੇ ਹੱਥ ਵਿੱਚ ਇੱਕੋ-ਇੱਕ 1000 ਦਾ ਨੋਟ ਹੀ ਸੀ। ਜਦੋਂ ਸਬਜ਼ੀ ਵਾਲੇ ਦੀ ਨਜ਼ਰ ਉਸ ਨੋਟ ਉੱਪਰ ਪਈ ਤਾਂ ਉਹ ਗਲੀ ਵਿੱਚੋਂ ਰੇੜ੍ਹੀ ਲੈ ਕੇ ਇੰਝ ਦੋੜਿਆ ਜਿਵੇਂ ਹੱਥ 'ਚ ਰੋੜਾ ਵੇਖ ਕੇ ਕੁੱਤਾ ਦੌੜਦਾ ਹੈ ਤੇ ਉਸਨੂੰ ਦੋੜਦਿਆਂ ਵੇਖ ਪਤਨੀ ਦੇ ਜਿਵੇਂ ਸਾਰੇ “ਦਿਲ ਕੇ ਅਰਮਾਂ ਆਂਸੂਓਂ  ਮੇਂ ਬਹਿ ਗਏ ...!''

ਸਾਡੇ ਬੱਚੇ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਹਨ ਜਿਨ੍ਹਾਂ ਦੀ ਪਿਛਲੇ ਦੋ ਮਹੀਨਿਆਂ ਤੋਂ ਫੀਸ ਨਹੀਂ ਭਰੀ ਜਾ ਸਕੀ ਸੀ ਜਿਸ ਦੇ ਚੱਲਦਿਆਂ ਕਲਾਸ ਇੰਚਾਰਜ ਵਲੋਂ ਅਕਸਰ ਬੱਚਿਆਂ ਪਾਸੋਂ ਫੀਸ ਜਮ੍ਹਾ ਕਰਵਾਉਣ ਦਾ ਤਕਾਜ਼ਾ ਕੀਤਾ ਜਾਂਦਾ ਰਹਿੰਦਾ ਸੀ ਤੇ ਸੋਚਿਆ ਕਿਉਂ ਇਨ੍ਹਾਂ ਨੋਟਬੰਦੀ ਦੀ ਲਪੇਟ ਵਿੱਚ ਆਏ ਪੰਜ ਸੋ ਅਤੇ ਹਜ਼ਾਰ ਦੇ ਨੋਟਾਂ ਨੂੰ ਫ਼ੀਸ ਭਰਨ 'ਚ ਹੀ ਸਰਫ ਕਰ ਦਈਏ ਜਿਵੇਂ ਹੀ ਅਸੀਂ ਫੀਸ ਜਮ੍ਹਾ ਕਰਵਾਉਣ ਲਈ ਸਕੂਲ ਦੇ ਕਾਊਂਟਰ 'ਤੇ ਪਹੁੰਚੇ ਤਾਂ ਉੱਥੇ ਮੌਜੂਦ ਮਹਿਲਾ ਕਲਰਕ ਨੇ ਸਾਡਾ ਇਕ ਬਨਾਉਟੀ ਮੁਸਕਰਾਹਟ ਨਾਲ ਸੁਆਗਤ ਕੀਤਾ। ਪਰ ਜਿਵੇਂ ਹੀ ਅਸੀਂ ਫੀਸ ਕਾਰਡ ਦੇ ਨਾਲ 1000-1000 ਰੁਪਏ ਦੇ ਪੰਜ ਨੋਟ ਕਾਊਂਟਰ 'ਤੇ ਰੱਖੇ ਤਾਂ ਉਸ ਨੇ ਖਚਰੀ ਜਿਹੀ ਮੁਸਕਾਰਾਹਟ ਬਿਖੇਰਦਿਆਂ ਕਿਹਾ, ਸੌਰੀ ...! ਹੁਣ ਅਸੀਂ 1000 ਅਤੇ 500 ਦੇ ਨੋਟ ਨਹੀਂ ਲੈ ਸਕਦੇ।'ਅਸੀਂ ਉਹ ਨੋਟ ਚੁੱਕ ਕੇ ਸਕੂਲ 'ਚੋਂ ਇਸ ਤਰ੍ਹਾਂ ਬਾਹਰ ਨਿਕਲੇ, ਜਿਵੇਂ ਕਿ ਉਰਦੂ ਦੇ ਪ੍ਰਸਿੱਧ ਕਵੀ ਗਾਲਿਬ ਨੇ ਆਪਣੇ ਇਕ ਸ਼ੇਅਰ ਮਹਿਬੂਬ ਦੀ ਗਲੀ ਵਿੱਚੋਂ ਨਿਕਲਣ ਦਾ ਤਕ ਤਜ਼ਕਰਾ ਕੀਤਾ ਹੈ:
ਨਿਕਲਣਾ ਖੁਲਦ ਸੇ ਸੁਣਤੇ ਆਏ ਥੇ, ਹਜ਼ਰਤ-ਏ-ਆਦਮ ਕਾ।
ਬੜੇ ਬੇ-ਆਬਰੂ ਹੋ ਕਰ, ਤੇਰੇ ਕੂਚੇ ਸੇ ਹਮ ਨਿਕਲੇ

ਅਸੀਂ ਸੋਚਿਆ ਚਲੋ ਏ.ਟੀ.ਐੱਮ ਵਿੱਚੋਂ ਹੀ ਕੁੱਝ ਕੈਸ਼ ਕਢਵਾ ਲੈਂਦੇ ਹਾਂ ਤੇ ਜਿਉਂ ਹੀ ਅਸੀਂ ਏ.ਟੀ.ਐੱਮ ਦਾ ਰੁੱਖ ਕੀਤਾ ਤਾਂ ਸ਼ਹਿਰ ਦੇ ਵਧੇਰੇ ਏ.ਟੀ.ਐੱਮ ਨੂੰ ਬੰਦ ਪਾਇਆ। ਲੇਕਿਨ ਜਿਹੜੇ ਏ.ਟੀ.ਐੱਮ ਨੂੰ ਖੁੱਲ੍ਹਾ ਵੇਖਿਆ ਉਸ ਦੇ ਬਾਹਰ ਇੰਨੀ ਲੰਮੀ ਲਾਈਨ ਕਿ ਅੱਲਾਹ ਤੋਬਾ ...! ਬਿਨ੍ਹਾਂ ਕਿਸੇ ਨਤੀਜੇ ਦੀ ਪਰਵਾਹ ਕੀਤਿਆਂ ਅਸੀਂ ਵੀ ਲਾਈਨ ਵਿਚ ਲੱਗ ਗਏ। ਇੱਥੋਂ ਤੱਕ ਕਿ ਲਾਈਨ ਵਿੱਚ ਲੱਗਿਆਂ-ਲੱਗਿਆਂ ਸਾਨੂੰ ਸ਼ਾਮ ਪੈ ਗਈ। ਇਸ ਤੋਂ ਪਹਿਲਾਂ ਕਿ ਅਸੀਂ ਏ ਟੀ ਐੱਮ ਤੱਕ ਪੁੱਜਦੇ, ਕੈਸ਼ ਖਤਮ ਹੋ ਗਿਆ। ਅਖੀਰ ਅਸੀਂ ਆਪਣੇ ਦਿਲ ਨੂੰ ਸਮਝਾਉਂਦੇ ਅਤੇ ਝੂਠੀਆਂ ਤਸਲੀਆਂ ਦਿੰਦੇ ਹੋਏ ਘਰ ਪੁੱਜੇ।

ਰਾਤੀ ਸੌਣ ਤੋਂ ਪਹਿਲਾਂ ਅਸੀਂ ਫੈਸਲਾ ਕੀਤਾ ਕਿ ਪਹੁ-ਫੁੱਟਦੇ ਸਾਰ ਹੀ  ਬੈਂਕ ਜਾਵਾਂਗੇ। ਸਵੇਰ ਨਿਰਣੇ ਕਾਲਜੇ ਹੀ ਜਦੋਂ ਬੈਂਕ ਦਾ ਰੁਖ ਕੀਤਾ ਤਾਂ ਬੈਂਕ ਦੇ ਬਾਹਰ ਦਾ ਜਦੋਂ ਦ੍ਰਿਸ਼ ਵੇਖਿਆ ਉਸ ਨੂੰ ਵੇਖ ਜਿਵੇਂ ਕਲੇਜਾ ਮੂੰਹ ਨੂੰ ਆ ਗਿਆ ਤੇ ਚਿੱਤ ਘਾਊਂ-ਮਾਊਂ ਕਰਨ ਲੱਗਿਆ ਕਿਉਂਕਿ ਲੋਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਪਹਿਲਾਂ ਹੀ ਬੈਂਕ ਦੇ ਬਾਹਰ ਮੌਜੂਦ ਸਨ। ਕੁੱਝ ਲੋਕੀ ਰਜ਼ਾਈਆਂ ਲਪੇਟੀ ਤੇ ਕੁਝ ਭਾਰੀ ਭਾਰੀ ਕੰਬਲ ਲਪੇਟੀ ਲੇਟੇ ਅਤੇ ਬੈਠੇ ਵਿਖਾਈ ਦਿੱਤੇ। ਜਦ ਇਸ ਸੰਦਰਭ ਵਿਚ ਅਸੀਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਅਸੀਂ ਤਾਂ ਅੱਧੀ ਰਾਤ ਤੋਂ ਹੀ ਬੈਂਕ ਦੇ ਬਾਹਰ ਡੇਰੇ ਲਾਈ ਬੈਠੇ ਹਾਂ। ਮਰਦੇ ਕੀ ਨਾ ਕਰਦੇ, ਅਸੀਂ ਵੀ ਲਾਈਨ ਵਿਚ ਉਨ੍ਹਾਂ ਦੇ ਪਿੱਛੇ ਖਲੋ ਗਏ। ਪਰੰਤੂ ਬੈਂਕ ਤਾਂ ਆਪਣੇ ਨਿਸ਼ਚਤ ਸਮੇਂ ਸਵੇਰੇ 10.00 ਵਜੇ ਹੀ ਖੁੱਲ੍ਹਿਆ।

ਬੈਂਕ ਦੇ ਖੁੱਲ੍ਹਦਿਆਂ ਹੀ ਅੰਦਰ ਜਾਣ ਲਈ ਲੋਕ ਇਸ ਪ੍ਰਕਾਰ ਧੱਕਾ-ਮੁੱਕੀ ਹੋਣ ਲੱਗੇ, ਜਿਵੇਂ ਕਿ ਉਨ੍ਹਾਂ ਦੇ ਜੀਵਨ ਚ ਬੈਂਕ ਵਿੱਚੋਂ ਪੈਸੇ ਕਢਾਉਣ ਦਾ ਇਹ ਆਖਰੀ ਮੌਕਾ ਹੋਵੇ। ਇਸੇ ਭੇਡ-ਚਾਲ ਦਾ ਅਸੀਂ ਵੀ ਹਿੱਸਾ ਬਣਦਿਆਂ ਅਰਥਾਤ ਧੌਲ-ਧੱਫੇ ਖਾਂਦਿਆਂ ਅਖੀਰ ਬੈਂਕ ਅੰਦਰ ਦਾਖਲ ਹੋਣ ਵਿੱਚ ਸਫਲ ਹੋ ਗਏ। ਪਰੰਤੂ ਅੰਦਰ ਹਰ ਕਾਊਂਟਰ ਦੇ ਅੱਗੇ ਕਈ ਕਈ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਅੰਦਰਲੇ ਹੌਲਨਾਕ ਮੰਜ਼ਰ ਨੂੰ ਵੇਖਦਿਆਂ ਸਾਡਾ ਦਿਲ ਕਾਹਲਾ ਪੈਣ ਲੱਗਿਆ ਤਾਂ ਦਿਲ ਨੂੰ ਧਰਵਾਸ ਦਿੰਦਿਆਂ ਅਤੇ ਆਮਿਰ ਖਾਨ ਵਾਂਗ “ ਆਲ ਇਜ ਵੈਲ... ਆਲ ਇਜ ਵੈਲ“ ਦਾ ਜਾਪ ਕਰਦਿਆਂ ਇਕ ਲਾਈਨ ਵਿੱਚ ਗੱਡੀ ਦੇ ਆਖਰੀ ਡੱਬੇ ਵਾਂਗ ਖਲੋ ਗਏ। ਹਾਲੇ ਦੁਪਹਿਰ ਦੇ ਬਾਰਾਂ ਵੀ ਨਾ ਵੱਜੇ, ਕਿ ਕੈਸ਼ੀਅਰ ਨੇ ਐਲਾਨ ਕਰ ਦਿੱਤਾ ਕਿ ਕੈਸ਼ ਖਤਮ ਹੋ ਗਿਆ, ਪਰ ਜਿਸ ਕਿਸੇ ਨੇ ਪੈਸੇ ਖਾਤੇ ਵਿੱਚ ਜਮ੍ਹਾਂ ਕਰਵਾਉਣੇ ਹੋਣ, ਉਹ ਲਾਈਨ ਵਿੱਚ ਲੱਗਿਆ ਰਹੇ। ਅਖੀਰ ਖੁਦ ਨੂੰ ਸਮੇਟਦਿਆਂ ਅਸੀਂ ਬੜੀ ਮੁਸ਼ਕਿਲ ਨਾਲ ਘਰ ਪਰਤੇ।

ਇਸ ਉਪਰੰਤ ਅਸੀਂ ਆਪਣੇ ਪੁੱਤਰ ਨੂੰ, ਜੋ ਰੋਜ਼ਾਨਾ ਬੱਸ ਰਾਹੀਂ ਲਗਭਗ 70 ਕਿਲੋਮੀਟਰ ਦਾ ਸਫਰ ਤੈਅ ਕਰਕੇ ਪੜ੍ਹਨ ਲਈ ਕਾਲਜ ਜਾਂਦਾ ਹੈ, ਸਵੇਰੇ ਕਾਲਜ ਜਾਂਦੇ ਨੂੰ 1000-1000 ਦੇ ਦੋ ਨੋਟ ਅਤੇ ਸੌ ਦਾ ਇਕ ਨੋਟ ਦਿੰਦਿਆਂ ਕਿਹਾ ਕਿ ਹਜ਼ਾਰ ਹਜ਼ਾਰ ਦੇ ਦੋਵੇਂ ਨੋਟ ਆਉਂਦੇ-ਜਾਂਦੇ ਤੁੜਵਾ ਲਿਆਈਂ। ਪਰੰਤੂ ਉਸ ਨੇ ਸ਼ਾਮੀਂ ਆਉਂਦਿਆਂ ਹੀ ਉਕਤ ਨੋਟ ਸਾਨੂੰ ਜਿਉਂ ਦੇ ਤਿਉਂ ਵਾਪਸ ਕਰਦਿਆਂ ਕਿਹਾ, “ਭਾਪਾ ਜੀ, ਕੰਡਕਟਰ ਨੇ ਬੱਸ ਵਿਚ ਸਵਾਰ ਹੁੰਦਿਆਂ ਹੀ ਸਪੱਸ਼ਟ ਕਰ ਦਿੱਤਾ ਕਿ ਜਿਹੜੀਆਂ ਸਵਾਰੀਆਂ ਕੋਲ ਕਿਰਾਏ ਲਈ ਸਿਰਫ ਤੇ ਸਿਰਫ 1000 ਜਾਂ 500 ਦੇ ਹੀ ਨੋਟ ਹਨ ਕਿਰਪਾ ਕਰਕੇ ਉਹ ਪਹਿਲਾਂ ਹੀ ਹੇਠਾਂ ਉੱਤਰ ਜਾਣ, ਕਿਉਂਕਿ ਸਾਨੂੰ 1000 ਅਤੇ 500 ਦੇ ਨੋਟਾਂ ਨੂੰ ਲੈਣ ਤੋਂ ਮਾਲਕਾਂ ਨੇ ਸਖਤੀ ਨਾਲ ਮਨ੍ਹਾਂ ਕੀਤਾ ਹੈ।

ਇਸੇ ਤਰ੍ਹਾਂ ਇਕ ਪਰਮ ਮਿੱਤਰ ਨੇ ਬੱਸ ਸਟੈਂਡ ਦੀ ਇੱਕ ਘਟਨਾ ਸੁਣਾਈ। ਹੋਇਆ ਇੰਝ ਕਿ ਸਵੇਰੇ ਸਵੇਰੇ ਸਥਾਨਕ ਬੱਸ ਸਟੈਂਡ ਟੋਆਇਲਟ ਵੱਲ ਇੱਕ ਪੂਰੀ ਤਰ੍ਹਾਂ ਸੂਟਡ-ਬੂਟਡ ਸਵਾਰੀ ਨੱਸੀ ਜਾਵੇ। ਇਸ ਤੋਂ ਪਹਿਲਾਂ ਕਿ ਉਹ ਸਵਾਰੀ ਆਪਣਾ ਮਿਸ਼ਨ ਪੂਰਾ ਕਰਨ ਲਈ ਵਾਸ਼ਰੂਮ ਅੰਦਰ ਜਾਂਦੀ, ਗੇਟ ਕੀਪਰ ਨੇ ਸਪੀਡ ਬਰੇਕਰ ਬਣਦਿਆਂ, ਉਸ ਨੂੰ ਬਾਹਰ ਹੀ ਰੋਕਦਿਆਂ ਕਿਹਾ ਕਿ ਪਹਿਲਾਂ ਭੁਗਤਾਨ ਕਰੋ। ਸਵਾਰੀ ਨੇ ਜਦ 500 ਦਾ ਨੋਟ ਅੱਗੇ ਕੀਤਾ ਤਾਂ ਗੇਟ ਕੀਪਰ ਨੇ ਇਹ ਨੋਟ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਪੀੜਤ ਸਵਾਰੀ ਨੇ ਕਿਹਾ ਕਿ ਮੈਂ ਤੁਹਾਨੂੰ ਪੰਜ ਰੁਪਏ ਦੇ ਭੁਗਤਾਨ ਦਾ ਚੈੱਕ ਕੱਟ ਦਿੰਦਾ ਹਾਂ। ਇਸ 'ਤੇ ਗੇਟ ਕੀਪਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਦ ਤੱਕ ਚੈੱਕ ਕਲੀਅਰ ਹੋ ਕੇ ਨਹੀਂ ਆ ਜਾਂਦਾ, ਮੈਂ ਆਪ ਨੂੰ ਅੰਦਰ ਐਂਟਰੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ। ਇਸ ਤੋਂ ਪਹਿਲਾਂ ਕਿ ਸਵਾਰੀ ਗੇਟ ਕੀਪਰ ਨਾਲ ਹੋਰ ਬਹਿਸ ਕਰਦੀ ਵਿਚਾਰੀ ਦਾ ਜੰਗਲ-ਪਾਣੀ ਦਾ ਸਾਰਾ ਮਿਸ਼ਨ ਉੱਥੇ ਹੀ ਤਮਾਮ ਹੋ ਗਿਆ।ਇਸੇ ਦੌਰਾਨ ਅਸੀਂ ਇੱਕ ਦਿਨ ਬਾਜ਼ਾਰ ਗਏ ਤਾਂ ਹਰ ਛੋਟੀ ਵੱਡੀ ਦੁਕਾਨ ਤੇ ਲੱਗੇ ਬੋਰਡਾਂ ਨੇ ਧਿਆਨ ਖਿੱਚਿਆ। ਬੋਰਡਾਂ ਉੱਤੇ ਮੋਟੇ ਮੋਟੇ ਸ਼ਬਦਾਂ ਵਿੱਚ ਲਿਖਿਆ ਸੀ ਕਿ ਇਸ ਜਗਾਹ 1000 ਅਤੇ 500 ਦੇ ਨੋਟ ਨਹੀਂ ਚਲਦੇ। 

ਉਨ੍ਹਾਂ ਦਿਨਾਂ ਵਿਚਕਾਰ ਹੀ ਸਾਡਾ ਜਾਣਾ ਇਕ ਫੈਕਟਰੀ ਵਾਲੇ ਮਿੱਤਰ ਦੇ ਹੋਇਆ। ਅਸੀਂ ਦੇਖਿਆ ਕਿ ਪੂਰੀ ਫੈਕਟਰੀ ਚ ਜਿਵੇਂ ਕਬਰਾਂ ਵਰਗੀ ਚੁੱਪ ਛਾਈ ਹੋਈ ਸੀ ਅਤੇ ਫੈਕਟਰੀ ਵਾਲਾ ਮਿਤਰ ਇਸ ਪ੍ਰਕਾਰ ਦੁਖੀ ਬੈਠਾ ਹੈ ਜਿਵੇਂ ਕੋਈ ਮਰਗ ਹੋਈ ਹੋਵੇ। ਅਸੀਂ ਮਿੱਤਰ ਨੂੰ ਥੋੜ੍ਹਾ ਨਰਮ ਲਹਿਜ਼ੇ ਚ ਪੁੱਛਿਆ “ਨਾ ਤਾਂ ਅੱਜ ਹੋਲੀ ਹੈ ਤੇ ਨਾ ਹੀ ਦੀਵਾਲੀ, ਫਿਰ ਸਾਰੀ ਲੇਬਰ ਨੂੰ ਛੁੱਟੀ ਕਿਉਂ ਤੋਰ ਦਿੱਤੀ ?“ ੳਸ  ਨੇ ਦੁਖੀ ਹਿਰਦੇ ਨਾਲ ਕਿਹਾ, “ਨਹੀਂ ਯਾਰ, ਛੁੱਟੀ-ਵੁੱਟੀ ਨਹੀਂ ਕੋਈ ਕੀਤੀ। ਦਰਅਸਲ ਸਾਰੀ ਲੇਬਰ ਨੂੰ ਚਾਰ-ਚਾਰ ਹਜ਼ਾਰ ਦੇ ਕੇ ਬੈਂਕ ਚ ਕਰੰਸੀ ਬਦਲੀ ਲਈ ਭੇਜਿਆ ਹੋਇਆ ਹੈ। ਪੂਰੇ ਇੱਕ ਹਫਤੇ ਤੋਂ ਫੈਕਟਰੀ ਦੇ ਸਾਰੇ ਕੰਮ ਠੱਪ ਹਨ। ਬੱਸ ਇਨ੍ਹਾਂ ਹਜਾਰ ਪੰਜ ਸੌ ਦੇ ਨੋਟਾਂ ਦੀ ਅਦਲਾ-ਬਦਲੀ ਦੇ ਝੱਜੂ ਵਿੱਚ ਹੀ ਉਲਝੇ ਹੋਏ ਹਾਂ। ਸੱਚ ਪੁੱਛੇਂ ਤਾਂ ਯਾਰ ਇਸ ਨੋਟ-ਬੰਦੀ ਨੇ ਸਾਰੇ ਕੰਮ ਹੀ ਦੀ ਐਸੀ-ਤੈਸੀ ਫੇਰ ਦਿੱਤੀ ਹੈ।”

ਨੋਟ-ਬੰਦੀ ਦੋਰਾਨ ਗੁਆਂਢ ਵਿੱਚ ਹੋਇਆ ਇੱਕ ਵਿਆਹ ਲੋਕਾਂ ਦੇ ਮਨਾਂ 'ਤੇ ਆਪਣੀ ਅਮਿੱਟ ਛਾਪ ਛੱਡ ਗਿਆ। ਹੋਇਆ ਇੰਝ ਕਿ ਗੁਆਂਢ ਦੀ ਕੁੜੀ ਦਾ ਵਿਆਹ ਸ਼ਹਿਰ ਦੇ ਦੂਸਰੇ ਮੁਹੱਲੇ ਵਿਚ ਰਹਿੰਦੇ ਇਕ ਮੁੰਡੇ ਨਾਲ ਹੋਣਾ ਤੈਅ ਪਾਇਆ ਅਤੇ ਵਿਆਹ ਦੇ ਸੱਦਾ-ਪੱਤਰ ਆਦਿ ਸਭ ਵੰਡੇ ਜਾ ਚੁੱਕੇ ਸਨ। ਕੁੜੀ ਅਤੇ ਮੁੰਡੇ ਵਾਲਿਆਂ ਵਲੋਂ ਵਿਆਹ ਲਈ ਲੋਂੜੀਂਦਾ ਕੈਸ਼ ਆਦਿ ਬੈਂਕਾਂ ਵਿੱਚੋਂ ਕਢਵਾ ਲਿਆ ਗਿਆ ਸੀ। ਪਰੰਤੂ ਏਨ ਵਿਆਹ ਤੋਂ ਤਿੰਨ ਦਿਨ ਪਹਿਲਾਂ ਜਿਵੇਂ ਹੀ ਨੋਟ-ਬੰਦੀ ਦਾ ਐਲਾਨ ਹੋਇਆ ਤਾਂ ਜਿਵੇਂ ਇਹ ਵਿਆਹ ਧੂਮ-ਧਾਮ ਨਾਲ ਕਰਨ ਦੇ ਤਮਾਮ ਚਾਅਵਾਂ ਤੇ ਅਰਮਾਨਾਂ ਉੱਤੇ ਜਿਵੇਂ ਬਿਜਲੀ ਡਿੱਗ ਗਈ। ਜੋ ਨਕਦੀ ਆਦਿ  ਮਾਪਿਆਂ ਵਲੋਂ ਬੈਂਕ ਵਿੱਚੋਂ ਕਢਵਾਈ ਗਈ ਸੀ, ਉਹ ਸਾਰੀ ਜਿਵੇਂ ਰੱਦੀ ਦੇ ਕਾਗਜ਼ਾਂ ਚ ਤਬਦੀਲ ਹੋ ਗਈ । ਜਦ ਲੱਖ ਯਤਨਾਂ ਦੇ ਬਾਵਜੂਦ ਨਕਦੀ ਦਾ ਲੋੜੀਂਦਾ ਪ੍ਰਬੰਧ ਨਾ ਹੋਇਆ ਤਾਂ ਆਪਸੀ ਮਸ਼ਵਰੇ ਨਾਲ ਤੈਅ ਪਾਇਆ ਕਿ ਬਰਾਤੀਆਂ ਨੂੰ ਇਕ ਕੱਪ ਚਾਹ ਦਾ ਪਿਆ ਕੇ ਕੁੜੀ ਸਾਦੇ ਢੰਗ ਨਾਲ ਤੋਰ ਦਿੱਤੀ ਜਾਏ ਤੇ ਫੇਰ ਇੰਝ ਹੀ ਹੋਇਆ। ਸ਼ਾਇਦ ਇਸੇ ਨੂੰ ਆਖਦੇ ਹਨ “ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ।”

ਨੋਟ-ਬੰਦੀ ਦੇ ਇਹਨਾਂ ਦਿਨਾਂ ਦੌਰਾਨ ਕਈ ਮੁਹਾਵਰੇ ਤੇ ਅਖਾਣ ਜਿਵੇਂ ਸੱਚ ਸਾਬਤ ਹੁੰਦੇ ਵਿਖਾਈ ਦਿੱਤੇ ਜਿਵੇਂ “ਬਾਪ ਬੜਾ ਨਾ ਭਈਆ ਸਭ ਸੇ ਬੜਾ ਰੁਪਈਆ।” ਇਸੇ ਪਰਕਾਰ ਇਕ ਹੋਰ ਮੁਹਾਵਰੇ ਨੂੰ ਅਖੀਂ ਸੱਚ ਹੁੰਦਿਆਂ ਵੇਖਿਆ - “ਨੌਂ ਦੋ ਗਿਆਰਾਂ ਹੋ ਜਾਣਾ” ਇਕ ਦਿਨ ਸ਼ਾਮੀਂ ਇੱਕ ਭਿਖਾਰੀ ਨੇ ਸਾਡੇ ਘਰ ਅੱਗੇ ਅਲਖ ਜਗਾਉਂਦਿਆਂ ਜਦੋਂ ਭਿੱਖਿਆ ਮੰਗੀ ਤਾਂ ਮੇਰੀ ਧਰਮ ਪਤਨੀ ਨੇ ਪਹਿਲੀ ਵਾਰ ਦਿਮਾਗ ਦੀ ਸਹੀ ਵਰਤੋਂ ਕਰਦਿਆਂ ਭਿਖਾਰੀ ਨੂੰ 500 ਰੁਪਏ ਦਾ ਨੋਟ ਦਿੰਦਿਆਂ ਕਿਹਾ, “ਆਹ ਲਓ ਮਾਹਾਰਾਜ, 100 ਰੁਪਏ ਭਿਖਸ਼ਾ ਰੱਖਦਿਆਂ ਚਾਰ ਸੌ ਮੌੜ ਦਿਉ।” 500 ਦੇ ਨੋਟ ਦਾ ਨਾਮ ਸੁਣਦਿਆਂ ਭਿਖਾਰੀ ਜਿਵੇਂ ਉੱਥੋਂ ਨੌਂ ਦੋ ਗਿਆਰਾਂ ਹੋ ਗਿਆ। ਨੋਟ-ਬੰਦੀ ਦੇ ਦਿਨਾਂ ਵਿੱਚ ਇਕ ਹੋਰ ਮੁਹਾਵਰਾ ਮੱਖੀਆਂ ਮਾਰਨਾ ਵੀ ਸੱਚ ਹੁੰਦਾ ਵੇਖਿਆ, ਜਿਵੇਂ ਕਿ ਮੰਦੀ ਦੀ ਮਾਰ ਝੇਲ ਰਹੇ ਅਕਸਰ ਦੁਕਾਨਦਾਰਾਂ ਨੂੰ ਗ੍ਰਾਹਕ ਨਾ ਹੋਣ ਕਾਰਨ ਵਿਹਲੇ ਮੱਖੀਆਂ ਦੇ ਨਾਲ ਨਾਲ ਚੂਹੇ ਅਤੇ ਛਿਪਕਲੀਆਂ ਮਾਰਦੇ ਵੀ ਵੇਖਿਆ ਗਿਆ।

ਸੱਚ ਆਖੀਏ ਤਾਂ ਨੋਟ-ਬੰਦੀ ਦੇ ਉਨ੍ਹੀਂ ਦਿਨੀਂ ਦੇਸ਼ ਦੀ ਪੂਰੀ ਅਰਥਵਿਵਸਥਾ ਜਿਵੇਂ ਚਰਮਰਾਈ ਪ੍ਰਤੀਤ ਹੋਈ ਤੇ ਇਸ ਦੇ ਫਲਸਰੂਪ ਮੁਲਕ ਖਲੋਇਆ ਹੋਇਆ । ਉਸ ਖੜੋਤ ਦਾ ਦਰਦ ਦੇਸ਼ ਦੇ ਮੱਧ ਵਰਗ ਜਾਂ ਗਰੀਬ ਲੋਕਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ ਤੇ ਕਈ ਪਰਿਵਾਰਾਂ ਦੇ ਜੀਆਂ ਨੂੰ ਆਪਣੀ ਬਿਮਾਰੀ ਦੇ ਇਲਾਜ ਲਈ ਬੈਂਕਾਂ ਵਿੱਚੋਂ ਲੋੜੀਂਦੇ ਪੈਸੇ ਨਹੀਂ ਮਿਲਨ ਕਾਰਨ ਜਾਨਾਂ ਗੁਆਣੀਆਂ ਪਈਆਂ। ਕੁਲ ਮਿਲਾ ਕੇ ਨੋਟ ਬੰਦੀ ਦੇ ਉਨ੍ਹਾਂ ਦਿਨਾਂ ਜੋ ਦਰਦ ਆਮ ਲੋਕਾਂ ਨੇ ਝੇਲਿਆ, ਉਸਦਾ ਅਹਿਸਾਸ ਨਾ ਕਿਸੇ ਫਕੀਰ ਨੂੰ ਹੋ ਸਕਦਾ ਹੈ ਅਤੇ ਨਾ ਹੀ ਕਿਸੇ ਵੱਡੇ ਸਰਮਾਏਦਾਰ ਨੂੰ ਹੋ ਸਕਦਾ ਹੈ । ਕਿਆ ਖੂਬ ਕਿਹਾ ਹੈ ਕਿਸੇ ਕਵੀ ਨੇ ਕਿ :ਦਰਦ-ਏ-ਦਿਲ ਦਰਦ ਆਸ਼ਨਾ ਜਾਣੇ।
ਔਰ ਬੇ-ਦਰਦ ਕੋਈ ਕਿਯਾ ਜਾਣੇ
ਲੇਖਕ. ਅੱਬਾਸ ਧਾਲੀਵਾਲ
ਮਲੇਰਕੋਟਲਾ ।
ਸੰਪਰਕ : 9855259650
abbasdhaliwal72@gmail.com
ਨੋਟਬੰਦੀ ਦਿਹਾੜੇ 'ਤੇ ਵਿਸ਼ੇਸ਼:


Shyna

Content Editor

Related News