ਲਾਰੇਂਸ ਬਿਸ਼ਨੋਈ ਦੇ ਭਰਾ ਖਿਲਾਫ ਵੱਡੀ ਕਾਰਵਾਈ, ਸਲਮਾਨ ਖਾਨ ਦੀ ਰਿਹਾਇਸ਼ ਅੱਗੇ ਕਰਵਾਈ ਸੀ ਫਾਇਰਿੰਗ

Friday, Jul 26, 2024 - 10:59 PM (IST)

ਮੁੰਬਈ : ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਬਾਂਦਰਾ ਨਿਵਾਸ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ (ਐੱਨਬੀਡਬਲਿਊ) ਜਾਰੀ ਕੀਤਾ ਹੈ। ਬਿਸ਼ਨੋਈ ਗੈਂਗ ਦੇ ਕਥਿਤ ਮੈਂਬਰ ਰੋਹਿਤ ਗੋਡੇਰਾ ਖਿਲਾਫ ਵੀ ਵਾਰੰਟ ਜਾਰੀ ਕੀਤਾ ਗਿਆ ਹੈ।

14 ਅਪ੍ਰੈਲ ਨੂੰ ਅਭਿਨੇਤਾ ਦੀ ਰਿਹਾਇਸ਼ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਮੁੰਬਈ ਪੁਲਸ ਦੁਆਰਾ ਇਸ ਮਹੀਨੇ ਦੇ ਸ਼ੁਰੂ ਵਿੱਚ ਦਾਇਰ ਚਾਰਜਸ਼ੀਟ ਵਿੱਚ ਲਾਰੇਂਸ ਬਿਸ਼ਨੋਈ ਦੇ ਨਾਲ ਗੋਡੇਰਾ ਅਤੇ ਅਨਮੋਲ ਨੂੰ ਭਗੌੜੇ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਲਾਰੇਂਸ ਬਿਸ਼ਨੋਈ ਇਸ ਸਮੇਂ ਸਾਬਰਮਤੀ ਕੇਂਦਰੀ ਜੇਲ੍ਹ, ਅਹਿਮਦਾਬਾਦ ਵਿੱਚ ਬੰਦ ਹੈ। ਪੁਲਸ ਮੁਤਾਬਕ ਅਨਮੋਲ ਅਤੇ ਗੋਡੇਰਾ ਕੈਨੇਡਾ ਵਿਚ ਹਨ। ਇਸਤਗਾਸਾ ਪੱਖ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ, ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਕੇਸਾਂ ਦੇ ਵਿਸ਼ੇਸ਼ ਜੱਜ ਬੀਡੀ ਸ਼ੈਲਕੇ ਨੇ ਅਨਮੋਲ ਅਤੇ ਗੋਡੇਰਾ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। ਇਸ ਮਾਮਲੇ ਵਿਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਵਿੱਕੀ ਗੁਪਤਾ ਅਤੇ ਸਾਗਰ ਪਾਲ ਨੇ 14 ਅਪ੍ਰੈਲ ਦੀ ਸਵੇਰ ਨੂੰ ਸਲਮਾਨ ਦੀ ਰਿਹਾਇਸ਼ ਗਲੈਕਸੀ ਅਪਾਰਟਮੈਂਟ ਦੇ ਬਾਹਰ ਕਥਿਤ ਤੌਰ 'ਤੇ ਗੋਲੀਬਾਰੀ ਕੀਤੀ ਸੀ। ਇਹ ਦੋਵੇਂ ਸਮੇਤ ਸੋਨੂੰ ਕੁਮਾਰ ਬਿਸ਼ਨੋਈ, ਮੁਹੰਮਦ ਰਫੀਕ ਚੌਧਰੀ ਅਤੇ ਹਰਪਾਲ ਸਿੰਘ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ। ਇਸ ਮਾਮਲੇ ਦੇ ਇੱਕ ਹੋਰ ਮੁਲਜ਼ਮ ਅਨੁਜ ਕੁਮਾਰ ਥਾਪਨ ਨੇ ਪੁਲਸ ਹਿਰਾਸਤ ਵਿੱਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ।


Baljit Singh

Content Editor

Related News