ਪੁਲਸ ਐਨਕਾਊਂਟਰ ''ਚ 6 ਬਦਮਾਸ਼ ਗ੍ਰਿਫ਼ਤਾਰ, ਚਾਰ ਦੇ ਪੈਰਾਂ ''ਚ ਲੱਗੀ ਗੋਲੀ
Tuesday, Jan 14, 2025 - 03:27 PM (IST)
ਨੋਇਡਾ- ਗੌਤਮਬੁੱਧ ਨਗਰ ਜ਼ਿਲ੍ਹੇ ਦੀ ਪੁਲਸ ਨੇ ਬਿਸਰਖ ਇਲਾਕੇ ਵਿਚ ਐਨਕਾਊਂਟਰ ਮਗਰੋਂ 6 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਵਿਚੋਂ 2 ਨੂੰ ਸੋਮਵਾਰ ਰਾਤ ਅਤੇ ਚਾਰ ਨੂੰ ਮੰਗਲਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਡਿਪਟੀ ਕਮਿਸ਼ਨਰ ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਪੁਲਸ 'ਬਾਲਾਜੀ ਕਿਚਨ ਇਕਵਿਪਮੈਂਟ' ਕੰਪਨੀ ਵਿਚ ਚੋਰੀ ਦੇ ਮਾਮਲੇ 'ਚ ਦੋਸ਼ੀਆਂ ਦੀ ਭਾਲ ਕਰ ਰਹੀ ਸੀ।
ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਦੀ ਮੌਜੂਦਗੀ ਦੀ ਸੂਚਨਾ ਸੋਮਵਾਰ ਰਾਤ ਪੁਲਸ ਨੇ ਬਿਸਰਖ ਥਾਣਾ ਖੇਤਰ ਵਿਚ ਐਨਕਾਊਂਟਰ ਮਗਰੋਂ ਸ਼ਾਹਰੁਖ ਅਤੇ ਆਕਾਸ਼ ਤਿਆਗੀ ਨਾਂ ਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਅਵਸਥੀ ਨੇ ਦੱਸਿਆ ਕਿ ਐਨਕਾਊਂਟਰ ਦੌਰਾਨ ਪੈਰ ਵਿਚ ਪੁਲਸ ਦੀ ਗੋਲੀ ਲੱਗਣ ਨਾਲ ਦੋਵੇਂ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਇਹ ਵੀ ਸੂਚਨਾ ਮਿਲੀ ਕਿ ਇਸ ਚੋਰੀ ਵਿਚ ਉਨ੍ਹਾਂ ਦੇ ਚਾਰ ਹੋਰ ਸਾਥੀ ਵੀ ਸ਼ਾਮਲ ਸਨ।
ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸਵੇਰੇ ਚਿਪੀਆਨਾ ਦੀ ਪੰਚਵਿਹਾਰ ਕਾਲੋਨੀ ਵਿਚ ਹੋਰ ਦੋਸ਼ੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਪੁਲਸ ਨੇ ਨਾਕਾ ਲਾ ਕੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਇਕ ਸ਼ੱਕੀ ਵਾਹਨ ਆਉਂਦਾ ਦਿੱਸਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਵਾਹਨ ਦਾ ਪਿੱਛਾ ਕੀਤਾ ਗਿਆ ਤਾਂ ਉਸ ਵਿਚ ਸਵਾਰ ਲੋਕਾਂ ਨੇ ਪੁਲਸ ਟੀਮ 'ਤੇ ਗੋਲੀ ਚਲਾਈ। ਜਵਾਬੀ ਕਾਰਵਾਈ ਦੌਰਾਨ ਪੁਲਸ ਦੀ ਗੋਲੀ ਦੋ ਦੋਸ਼ੀਆਂ ਦੇ ਪੈਰਾਂ ਵਿਚ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਵਸਥੀ ਨੇ ਦੱਸਿਆ ਕਿ ਹੋਰ ਦੋਸ਼ੀਆਂ ਦੀ ਪਛਾਣ ਮੁਨਾਫ, ਗੁਲਜ਼ਾਰ, ਆਜ਼ਾਦ ਅਤੇ ਗੋਲੂ ਉਰਫ਼ ਅੰਕੁਸ਼ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਚੋਰੀ ਦਾ ਸਾਮਾਨ, ਵਾਰਦਾਤ 'ਚ ਇਸਤੇਮਾਲ ਵਾਹਨ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।