ਹੋਸਟਲ ''ਚ ਮਹਾਸ਼ਿਵਰਾਤਰੀ ਮੌਕੇ ਭੋਜਨ ਖਾਣ ਮਗਰੋਂ 76 ਵਿਦਿਆਰਥੀ ਬੀਮਾਰ, ਕੀਤੀ ਬੇਚੈਨੀ ਤੇ ਉਲਟੀਆਂ ਦੀ ਸ਼ਿਕਾਇਤ

Saturday, Mar 09, 2024 - 01:47 PM (IST)

ਨੋਇਡਾ- ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ 'ਚ ਗ੍ਰੇਟਰ ਨੋਇਡਾ ਦੇ ਇਕ ਪ੍ਰਾਈਵੇਟ ਹੋਸਟਲ 'ਚ ਮਹਾਸ਼ਿਵਰਾਤਰੀ ਮੌਕੇ 'ਤੇ ਵਰਤ ਵਾਲਾ ਭੋਜਨ ਖਾਣ ਮਗਰੋਂ 76 ਵਿਦਿਆਰਥੀ ਬੀਮਾਰ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਵੱਖ-ਵੱਖ ਕਾਲਜਾਂ 'ਚ ਪੜ੍ਹਦੇ ਇਹ ਵਿਦਿਆਰਥੀ ਨਾਲੇਜ ਪਾਰਕ ਇਲਾਕੇ 'ਚ ਆਰੀਅਨ ਰੈਜ਼ੀਡੈਂਸੀ 'ਚ ਰਹਿੰਦੇ ਹਨ ਅਤੇ ਸ਼ੁੱਕਰਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਈ ਵਿਦਿਆਰਥੀਆਂ ਨੇ ਬੇਚੈਨੀ, ਚੱਕਰ ਆਉਣੇ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਹੋਸਟਲ 'ਚ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਵਰਤ ਰੱਖਣ ਵਾਲਿਆਂ ਲਈ ਕੁਟੂ ਦੇ ਆਟੇ ਦੀਆਂ ਪੂੜੀਆਂ ਖਾਣ ਨਾਲ 76 ਵਿਦਿਆਰਥੀਆਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਹਾਲਾਂਕਿ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ ਨੂੰ ਵਰਤ ਰੱਖਣ ਵਾਲਿਆਂ ਲਈ ਵੱਖ ਤੋਂ ਪਕਾਇਆ ਗਿਆ ਭੋਜਨ ਖਾਧਾ ਸੀ। ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਅਧੀਨ ਵਿਦਿਆਰਥੀ ਪੀਯੂਸ਼ ਨੇ ਦੱਸਿਆ  ਕਿ ਅਸੀਂ ਰਾਤ ਕਰੀਬ 9.30 ਵਜੇ ਡਿਨਰ ਕੀਤਾ ਸੀ। ਰਾਤ ਕਰੀਬ 10.30 ਵਜੇ ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਫਿਰ ਮੈਂ ਸੌਂ ਗਿਆ। ਕੁਝ ਦੋਸਤਾਂ ਨੇ ਦੇਖਿਆ ਕਿ ਕਈ ਹੋਰ ਵਿਦਿਆਰਥੀ ਚੱਕਰ ਆਉਣ, ਬੇਚੈਨੀ ਅਤੇ ਉਲਟੀਆਂ ਤੋਂ ਪੀੜਤ ਸਨ।

ਕੈਲਾਸ਼ ਹਸਪਤਾਲ 'ਚ ਦਾਖਲ ਇਕ ਹੋਰ ਵਿਦਿਆਰਥੀ ਕੁਸ਼ਲ ਨੇ ਦੱਸਿਆ ਕਿ ਅੱਧੀ ਰਾਤ ਦੇ ਕਰੀਬ ਮੇਰਾ ਸਰੀਰ ਕੰਬਣ ਲੱਗਾ ਅਤੇ ਮੈਨੂੰ ਬੁਖਾਰ ਅਤੇ ਚੱਕਰ ਆਉਣੇ ਸ਼ੁਰੂ ਹੋ ਗਏ। ਫਿਰ ਮੈਨੂੰ ਅਤੇ ਮੇਰੇ ਕਮਰੇ ਵਿਚ ਰਹਿਣ ਵਾਲੇ ਦੋ ਸਾਥੀਆਂ ਨੂੰ ਇੱਥੇ ਐਮਰਜੈਂਸੀ ਵਿਭਾਗ ਵਿਚ ਲਿਆਂਦਾ ਗਿਆ। ਹੋਰ ਵਿਦਿਆਰਥੀ ਵੀ ਉਲਟੀਆਂ ਕਰ ਰਹੇ ਸਨ। ਇਸ ਦੌਰਾਨ ਸਥਾਨਕ ਫੂਡ ਸੇਫਟੀ ਵਿਭਾਗ ਦੀ ਟੀਮ ਜਾਂਚ ਲਈ ਮੌਕੇ 'ਤੇ ਪਹੁੰਚੀ। ਇਕ ਅਧਿਕਾਰੀ ਨੇ ਦੱਸਿਆ ਕਿ ਟੀਮ ਭੋਜਨ ਤਿਆਰ ਕਰਨ ਲਈ ਵਰਤੀਆਂ ਜਾਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਕੱਚੇ ਮਾਲ ਦੇ ਨਮੂਨੇ ਲਏਗੀ। ਨਮੂਨਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਰਿਪੋਰਟ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


Tanu

Content Editor

Related News