ਕਿਸਾਨਾਂ ਦਰਮਿਆਨ ਪੁੱਜੀ ਨੌਦੀਪ ਨੇ ਕਿਹਾ-‘ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ, ਸੱਚ ਜ਼ਰੂਰ ਜਿੱਤੇਗਾ’

02/27/2021 7:04:20 PM

ਨਵੀਂ ਦਿੱਲੀ— ਕਿਰਤੀ ਹੱਕਾਂ ਬਾਰੇ ਕਾਰਕੁਨ ਨੌਦੀਪ ਕੌਰ ਅੱਜ ਯਾਨੀ ਕਿ ਸ਼ਨੀਵਾਰ ਨੂੰ ਸਿੰਘੂ ਸਰਹੱਦ ’ਤੇ ਕਿਸਾਨਾਂ ਦਰਮਿਆਨ ਪੁੱਜੀ। ਕਿਸਾਨਾਂ ਦੀ ਸਟੇਜ ਤੋਂ ਬੋਲਦਿਆਂ ਨੌਦੀਪ ਕੌਰ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੇਰੇ ਲਈ ਆਵਾਜ਼ ਬੁਲੰਦ ਕੀਤੀ। ਨੌਦੀਪ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਕਰ ਕੇ ਮੈਂ ਅੱਜ ਜੇਲ੍ਹ ’ਚੋਂ ਬਾਹਰ ਆਈ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਇਕ ਦੂਜੇ ਨਾਲ ਇੰਝ ਜੁੜੇ ਹੋਏ ਹਨ, ਜਿਵੇਂ ਨਹੁੰ ਮਾਸ ਦਾ ਰਿਸ਼ਤਾ ਹੋਵੇ। ਇਹ ਅੰਦੋਲਨ ਇਕੱਲਾ ਕਿਸਾਨਾਂ ਦਾ ਨਹੀਂ ਸਗੋਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਜਨਤਾ ਦਾ ਅੰਦੋਲਨ ਹੈ। ਇਸ ਅੰਦੋਲਨ ’ਚ ਹਰ ਉਹ ਇਨਸਾਨ ਹੈ, ਜੋ ਕਿ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੈ, ਇਹ ਉਨ੍ਹਾਂ ਦਾ ਅੰਦੋਲਨ ਹੈ। ਸਰਕਾਰ ਜਿੰਨੇ ਵੀ ਕਾਨੂੰਨ ਲੈ ਕੇ ਆਏ ਹਨ, ਉਨ੍ਹਾਂ ਨੂੰ ਰੱਦ ਕਰਨੇ ਹੀ ਪੈਣਗੇ।  

ਇਹ ਵੀ ਪੜ੍ਹੋ: ਨੌਦੀਪ ਕੌਰ ਨੂੰ ਤੀਜੇ ਮਾਮਲੇ 'ਚ ਵੀ ਮਿਲੀ ਜ਼ਮਾਨਤ, ਅੱਜ ਹੋ ਸਕਦੀ ਹੈ ਰਿਹਾਅ

ਨੌਦੀਪ ਨੇ ਅੱਗੇ ਕਿਹਾ ਕਿ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ, ਸੱਚ ਜ਼ਰੂਰ ਜਿੱਤੇਗਾ। ਕਿਸਾਨਾਂ ਬਾਰੇ ਆਵਾਜ਼ ਬੁਲੰਦ ਕਰਦੇ ਹੋਏ ਨੌਦੀਪ ਨੇ ਕਿਹਾ ਕਿ ਅੱਜ ਵੀ ਕਿਸਾਨਾਂ ਅਤੇ ਬੀਬੀਆਂ ਵਾਸਤੇ ਹਾਲਾਤ ਬਹੁਤ ਮਾੜੇ ਹਨ। ਕਿਸਾਨ-ਮਜ਼ਦੂਰ ਆਪਣੀ ਮਿਹਨਤ ਦੀ ਕਮਾਈ ਕਰਦੇ ਹਨ ਤਾਂ ਫਿਰ ਵੀ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ। ਜੇਕਰ ਉਹ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ, ਨਕਸਲਵਾਦੀ ਅਤੇ ਖਾਲਿਸਤਾਨੀ ਤੱਕ ਦੱਸਿਆ ਜਾਂਦਾ ਹੈ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਕੌਣ ਹਾਂ। ਸ. ਭਗਤ ਸਿੰਘ ਬਾਰੇ ਨੌਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅੱਤਵਾਦੀ ਕਿਹਾ ਗਿਆ ਸੀ ਪਰ ਅੱਜ ਸਾਡਾ ਭਗਤ ਸਿੰਘ ਇਕ ਹੀਰੋ ਹੈ।

ਇਹ ਵੀ ਪੜ੍ਹੋ: ਜ਼ਮਾਨਤ ਮਿਲਣ ਪਿੱਛੋਂ ਨੌਦੀਪ ਕੌਰ ਦੇ ਸੁਣੋ ਬੇਬਾਕ ਬੋਲ

ਨੌਦੀਪ ਨੇ ਕਿਹਾ ਕਿ ਮੈਂ ਮਜ਼ਦੂਰਾਂ ਅਤੇ ਕਿਸਾਨਾਂ ਦੋਹਾਂ ਵਲੋਂ ਆਪਣੀ ਗੱਲ ਰੱਖ ਰਹੇ ਹਾਂ। ਅਸੀਂ ਸੱਚੀ ਲੜਾਈ ਲੜ ਰਹੇ ਹਾਂ। ਹਮੇਸ਼ਾ ਇਕ ਗੱਲ ਦੇ ਦੋ ਪਹਿਲੂ ਹੁੰਦੇ ਹਨ। ਇਸ ਤਰੀਕੇ ਨਾਲ ਜਦੋਂ ਮੈਂ 12 ਤਰੀਕ ਨੂੰ ਜੇਲ੍ਹ ’ਚ ਗਈ ਤਾਂ ਪਹਿਲਾਂ ਮੇਰੇ ਵਿਰੋਧ ’ਚ ਆਵਾਜ਼ ਉਠੀ। ਪਰ ਪੁਲਸ ਵਾਲਿਆਂ ਦੇ ਅੱਜ ਦੇ ਹਾਲਾਤ ਕਿਹੋ ਜਿਹੇ ਹਨ, ਇਹ ਸਭ ਜਾਣਦੇ ਹਨ। ਮਜ਼ਦੂਰ-ਕਿਸਾਨ ਸੰਗਠਨ 3 ਸਾਲ ਪਹਿਲਾਂ ਬਣਿਆ ਸੀ। ਕਿਸਾਨਾਂ ਨੂੰ ਵੇਖ ਕੇ ਮਜ਼ਦੂਰਾਂ ਨੂੰ ਹੌਸਲਾ ਮਿਲਿਆ ਅਤੇ ਉਸੇ ਹੌਂਸਲੇ ਨਾਲ ਮਜ਼ਦੂਰ ਅੰਦੋਲਨ ਕਰਨ ਲੱਗੇ। ਸਾਨੂੰ ਸਾਰਿਆਂ ਨੂੰ ਮਿਲਜੁਲ ਕੇ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ। ਸਾਨੂੰ ਇਸ ਅੰਦੋਲਨ ਨੂੰ ਬਹੁਤ ਅੱਗੇ ਲੈ ਕੇ ਜਾਣਾ ਹੈ। ਅਸੀਂ ਓਨਾਂ ਚਿਰ ਲੜਦੇ ਰਹਾਂਗੇ, ਜਿਨ੍ਹਾਂ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। 

ਇਹ ਵੀ ਪੜ੍ਹੋ: ਕਿਰਤੀ ਹੱਕਾਂ ਦੀ ਕਾਰਕੁਨ ਨੌਦੀਪ ਅੱਜ ਸਿੰਘੂ ਸਰਹੱਦ ’ਤੇ ਪੱਤਰਕਾਰਾਂ ਦਰਮਿਆਨ ਰੱਖੇਗੀ ਆਪਣੀ ਗੱਲ


Tanu

Content Editor

Related News