ਕੇਜਰੀਵਾਲ ਦਾ ਐਲਾਨ- ਦਿੱਲੀ 'ਚ ਵੀ ਖੋਲ੍ਹੀਆਂ ਜਾਣਗੀਆਂ ਦੁਕਾਨਾਂ, ਕੰਟੇਨਮੈਂਟ ਜ਼ੋਨ 'ਚ ਨਹੀਂ ਕੋਈ ਢਿੱਲ

Sunday, Apr 26, 2020 - 01:20 PM (IST)

ਕੇਜਰੀਵਾਲ ਦਾ ਐਲਾਨ- ਦਿੱਲੀ 'ਚ ਵੀ ਖੋਲ੍ਹੀਆਂ ਜਾਣਗੀਆਂ ਦੁਕਾਨਾਂ, ਕੰਟੇਨਮੈਂਟ ਜ਼ੋਨ 'ਚ ਨਹੀਂ ਕੋਈ ਢਿੱਲ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਭਾਵ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਰਾਜਧਾਨੀ 'ਚ ਲਾਕਡਾਊਨ ਲਾਗੂ ਰਹੇਗਾ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ 'ਚ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਹੌਟਸਪੌਟ ਇਲਾਕਿਆਂ ਅਤੇ ਕੰਟੇਨਮੈਂਟ ਜ਼ੋਨ  'ਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਸ਼ਾਪਿੰਗ ਕੰਪਲੈਕਸ ਅਤੇ ਮਾਰਕੀਟ ਖੁੱਲ੍ਹਣਗੀਆਂ।
ਕੇਜਰੀਵਾਲ ਨੇ ਸਾਫ ਕੀਤਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕੁਝ ਦੁਕਾਨਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ, ਅਸੀਂ ਵੀ ਇਸ ਨੂੰ ਇੱਥੇ ਲਾਗੂ ਕਰ ਰਹੇ ਹਾਂ। ਮੈਡੀਕਲ ਸਟੋਰ, ਕਰਿਆਨਾ ਸਟੋਰ, ਫਲ/ਸਬਜ਼ੀਆਂ ਦੀਆਂ ਦੁਕਾਨਾਂ, ਡੇਅਰੀ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ, ਗੁਆਂਢ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ। ਕੋਈ ਵੀ ਸ਼ਾਪਿੰਗ ਕੰਪਲੈਕਸ ਅਤੇ ਮਾਰਕੀਟ ਨਹੀਂ ਖੁੱਲ੍ਹਣਗੀਆਂ। 3 ਮਈ ਤੱਕ ਪ੍ਰਧਾਨ ਮੰਤਰੀ ਮੋਦੀ ਨੇ ਲਾਕਡਾਊਨ ਲਾਗੂ ਕੀਤਾ ਹੈ। ਕੇਂਦਰ ਸਰਕਾਰ ਅੱਗੇ ਕੀ ਫੈਸਲਾ ਲੈਂਦੀ ਹੈ, ਉਸ ਦੇ ਆਧਾਰ 'ਤੇ ਅਸੀਂ ਦਿੱਲੀ 'ਚ ਅੱਗੇ ਦੀ ਰਣਨੀਤੀ ਤੈਅ ਕਰਾਂਗੇ।

ਲਾਕਡਾਊਨ ਦਾ ਹੋਵੇ ਸਖਤੀ ਨਾਲ ਪਾਲਣ—
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਇਹ ਹਫਤਾ ਪਿਛਲੇ ਹਫਤੇ ਨਾਲੋਂ ਦਿੱਲੀ ਲਈ ਥੋੜ੍ਹਾ ਚੰਗਾ ਰਿਹਾ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ 7ਵੇਂ ਹਫਤੇ 'ਚ 850 ਨਵੇਂ ਕੇਸ ਦਰਜ ਕੀਤੇ ਗਏ ਸਨ ਅਤੇ 8ਵੇਂ ਹਫਤੇ ਵਿਚ ਯਾਨੀ ਕਿ ਪਿਛਲੇ ਹਫਤੇ 622 ਕੇਸ ਸਾਹਮਣੇ ਆਏ ਹਨ। ਜੋ ਕਿ ਥੋੜ੍ਹੇ ਘੱਟ ਹੋਏ। ਦੁਨੀਆ ਭਰ 'ਚ ਦੇਖਿਆ ਗਿਆ ਹੈ ਕਿ ਕੋਰੋਨਾ ਜਦੋਂ ਵੱਧਦਾ ਹੈ ਤਾਂ ਇਹ ਦੁੱਗਣਾ ਹੁੰਦਾ ਜਾਂਦਾ ਹੈ। 7ਵੇਂ ਹਫਤੇ 'ਚ 21 ਲੋਕਾਂ ਦੀ ਮੌਤ ਹੋਈ ਅਤੇ ਪਿਛਲੇ ਹਫਤੇ 9 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਇਕ ਵੀ ਵਿਅਕਤੀ ਦੀ ਮੌਤ ਨਹੀਂ ਹੋਣੀ ਚਾਹੀਦੀ। ਪਿਛਲੇ ਤੋਂ ਪਿਛਲੇ ਹਫਤੇ 7ਵੇਂ ਹਫਤੇ 'ਚ 260 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਗਏ। 8ਵੇਂ ਯਾਨੀ ਕਿ ਪਿਛਲੇ ਹਫਤੇ 580 ਲੋਕ ਹਸਪਤਾਲਾਂ 'ਚੋਂ ਠੀਕ ਹੋ ਕੇ ਆਪਣੇ ਘਰ ਗਏ। ਇਕ ਤਰ੍ਹਾਂ ਨਾਲ ਪਿਛਲਾ ਹਫਤਾ ਠੀਕ ਰਿਹਾ। ਕੇਜਰੀਵਾਲ ਨੇ ਕਿਹਾ ਕਿ ਜੇਕਰ ਲਾਕਡਾਊਨ ਦਾ ਇਸ ਤਰ੍ਹਾਂ ਹੀ ਪਾਲਣ ਕੀਤਾ ਜਾਵੇ ਤਾਂ ਅਸੀਂ ਕੋਰੋਨਾ ਵਾਇਰਸ ਮਹਾਮਾਰੀ ਨੂੰ ਹਰਾ ਸਕਾਂਗੇ।

ਲੋਕ ਦਾਨ ਕਰਨ ਪਲਾਜ਼ਮਾ—
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਮਰੀਜ਼ਾਂ ਨੂੰ ਜੋ ਠੀਕ ਹੋ ਗਏ ਹਨ ਅਤੇ ਘਰਾਂ ਨੂੰ ਚੱਲੇ ਗਏ ਹਨ, ਨੂੰ ਪਲਾਜ਼ਮਾ ਦਾਨ ਕਰਨ ਲਈ ਕਹਿ ਰਹੇ ਹਾਂ। ਉਨ੍ਹਾਂ ਕਿਹਾ ਕਿ ਪਲਾਜ਼ਮਾ ਦੇ ਚੰਗੇ ਨਤੀਜੇ ਆ ਰਹੇ ਹਨ। ਕੱਲ ਐੱਲ. ਐੱਨ. ਜੇ. ਪੀ. ਹਸਪਤਾਲ 'ਚ ਇਕ ਮਰੀਜ਼ ਗੰਭੀਰ ਹਾਲਤ ਵਿਚ ਸੀ ਅਤੇ ਡਾਕਟਰਾਂ ਨੇ ਉਸ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਸੀ, ਉਸ ਦੀ ਸਿਹਤ 'ਚ ਕਾਫੀ ਸੁਧਾਰ ਹੋਇਆ ਹੈ। ਇਕ-ਇਕ ਮਰੀਜ਼ ਨਾਲ ਮੈਂ ਗੱਲ ਕਰ ਰਿਹਾ ਹਾਂ, ਮੈਨੂੰ ਖੁਸ਼ੀ ਹੈ ਕਿ ਸਾਰੇ ਲੋਕ ਅੱਗੇ ਆ ਕੇ ਮਦਦ ਕਰਨਾ ਚਾਹੁੰਦੇ ਹਨ।

ਮੁੱਖ ਮੰਤਰੀ ਦੀ ਅਪੀਲ—
ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੇ ਮਨ ਵਿਚ ਜਜ਼ਬਾ ਹੈ ਕਿ ਕਿਵੇਂ ਮੈਂ ਦੂਜੇ ਦੀ ਜਾਨ ਬਚਾ ਸਕਦਾ ਹਾਂ। ਕੱਲ ਨੂੰ ਹੋ ਸਕਦਾ ਹੈ ਕਿ ਮੁਸਲਮਾਨ ਦਾ ਪਲਾਜ਼ਮਾ ਹਿੰਦੂ ਦੇ ਕੰਮ ਆਏ ਅਤੇ ਹਿੰਦੂ ਦਾ ਪਲਾਜ਼ਮਾ ਮੁਸਲਮਾਨ ਦੇ ਕੰਮ ਆ ਜਾਵੇ। ਭਗਵਾਨ ਨੇ ਤਾਂ ਫਰਕ ਨਹੀਂ ਕੀਤਾ। ਅਸੀਂ ਲੋਕਾਂ ਨੇ ਆਪਸ 'ਚ ਕੰਧਾਂ ਕਿਉਂ ਖੜ੍ਹੀਆਂ ਕੀਤੀਆਂ ਹਨ। ਸਾਨੂੰ ਇਹ ਸਬਕ ਲੈਣਾ ਚਾਹੀਦਾ ਹੈ। ਕੋਰੋਨਾ ਹੁੰਦਾ ਹੈ ਤਾਂ ਕੋਰੋਨਾ ਹਿੰਦੂ ਨੂੰ ਵੀ ਹੁੰਦਾ ਹੈ ਅਤੇ ਮੁਸਲਮਾਨ ਨੂੰ ਵੀ। ਜੇਕਰ ਤੁਹਾਡੇ ਸਰੀਰ ਦਾ ਪਲਾਜ਼ਮਾ ਕਿਸੇ ਨੂੰ ਬਚਾਉਂਦਾ ਹੈ ਤਾਂ ਫਿਰ ਇਹ ਕੰਧਾਂ ਅਸੀਂ ਲੋਕਾਂ ਨੇ ਕਿਉਂ ਖੜ੍ਹੀਆਂ ਕੀਤੀਆਂ ਹਨ। ਜੇਕਰ ਤੁਹਾਡੇ ਮਨ ਵਿਚ ਕਿਸੇ ਦੂਜੇ ਵਿਅਕਤੀ ਪ੍ਰਤੀ ਮਾੜੀ ਭਾਵਨਾ ਆਏ ਤਾਂ ਸੋਚ ਲੈਣਾ ਕਿ ਹੋ ਸਕਦਾ ਹੈ ਕਿ ਉਸ ਦਾ ਪਲਾਜ਼ਮਾ ਕੱਲ ਨੂੰ ਤੁਹਾਡੇ ਕੰਮ ਆਏ ਅਤੇ ਤੁਹਾਡੀ ਜ਼ਿੰਦਗੀ ਬਚਾਏ।


author

Tanu

Content Editor

Related News