ਫਰਜ਼ੀ ਵੋਟਿੰਗ ਰੋਕਣ ਲਈ ਚੋਣ ਕਮਿਸ਼ਨ ਦੀ ਵੱਡੀ ਤਿਆਰੀ
Sunday, May 21, 2023 - 03:55 PM (IST)
ਨਵੀਂ ਦਿੱਲੀ- ਫਰਜ਼ੀ ਵੋਟਿੰਗ ਰੋਕਣ ਲਈ ਚੋਣ ਕਮਿਸ਼ਨ ਵੱਡੀ ਤਿਆਰੀ ਵਿਚ ਹੈ। ਦਰਅਸਲ ਚੋਣ ਕਮਿਸ਼ਨ ਇਕ ਹੋਰ ਤਕਨੀਕ ਦਾ ਸਹਾਰਾ ਲਵੇਗਾ। ਦਰਅਸਲ ਵੋਟਿੰਗ ਦੌਰਾਨ ਉਂਗਲ 'ਤੇ ਲੱਗਣ ਵਾਲੀ ਸਿਆਹੀ ਦੀ ਥਾਂ ਹੁਣ ਲੇਜ਼ਰ ਦਾ ਇਸਤੇਮਾਲ ਹੋਵੇਗਾ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੇਜ਼ਰ ਨਾਲ ਬਣਿਆ ਨਿਸ਼ਾਨ ਕਈ ਦਿਨਾਂ ਤੱਕ ਹਟਾਉਣਾ ਆਸਾਨ ਨਹੀਂ ਹੋਵੇਗਾ।
ਲੇਜ਼ਰ ਨਿਸ਼ਾਨ ਹੀ ਨਹੀਂ ਈ. ਵੀ. ਐੱਮ. ਵਿਚ ਇਕ ਕੈਮਰਾ ਵੀ ਲੱਗੇਗਾ, ਜੋ ਵੋਟ ਪਾਉਣ ਗਏ ਔਰਤ ਜਾਂ ਪੁਰਸ਼ ਦੀ ਤਸਵੀਰ ਵੀ ਖਿੱਚੇਗਾ। ਨਵੀਂ ਤਕਨੀਕੀ ਵਿਵਸਥਾ ਇਸ ਸਾਲ ਹੋਣ ਵਾਲੀਆਂ 5 ਸੂਬਾਈ ਵਿਧਾਨ ਸਭਾ ਚੋਣਾਂ ਵਿਚ ਲਾਗੂ ਹੋ ਸਕਦੀ ਹੈ। ਅਜੇ ਇਸ ਦਾ ਪਰੀਖਣ ਚੱਲ ਰਿਹਾ ਹੈ। ਸਿਆਹੀ ਦੀ ਥਾਂ ਲੇਜ਼ਰ ਤਕਨੀਕ ਨਾਲ ਹੇਰਾ-ਫੇਰੀ ਰੁਕੇਗੀ। ਨਹੁੰ 'ਤੇ ਲੇਜ਼ਰ ਨਿਸ਼ਾਨ ਬਣਨ ਮਗਰੋਂ ਜੇਕਰ ਵਿਅਕਤੀ ਫਿਰ ਵੋਟ ਪਾਉਣ ਆਉਂਦਾ ਹੈ ਤਾਂ ਫੜਿਆ ਜਾਵੇਗਾ। ਦੂਜੇ ਪਾਸੇ ਈ. ਵੀ. ਐੱਮ. 'ਚ ਲੱਗਾ ਕੈਮਰਾ ਵੀ ਮੁੜ ਵੋਟ ਪਾਉਣ ਆਉਣ ਵਾਲੇ ਵਿਅਕਤੀ ਨੂੰ ਏ. ਆਈ. ਤਕਨੀਕ ਤੋਂ ਪਛਾਣ ਕੇ ਚੋਣ ਅਧਿਕਾਰੀ ਨੂੰ ਅਲਰਟ ਕਰ ਦੇਵੇਗਾ।
ਦੱਸ ਦੇਈਏ ਕਿ ਹੁਣ ਤੱਕ ਵੋਟਿੰਗ ਦੌਰਾਨ ਵੋਟਰਾਂ ਦੀ ਉਂਗਲ 'ਤੇ ਸਿਆਹੀ ਨਾਲ ਹੀ ਨਿਸ਼ਾਨ ਲਾਇਆ ਜਾਂਦਾ ਹੈ। ਹਾਲਾਂਕਿ ਸਿਆਹੀ ਦਾ ਨਿਸ਼ਾਨ ਹੌਲੀ-ਹੌਲੀ ਫਿੱਕਾ ਪੈਂਦਾ ਹੈ ਪਰ ਚੋਣ ਕਮਿਸ਼ਨ ਨੇ ਵੋਟਾਂ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਇਸ ਨਵੀਂ ਤਕਨੀਕ ਦਾ ਸਹਾਰਾ ਲੈਣ ਦੀ ਤਿਆਰੀ ਖਿੱਚ ਲਈ ਹੈ।