ਸ਼ੁਕਰਾਣੂ-ਆਂਡੇ ਦੇ ਮਾਲਕ ਦੀ ਸਹਿਮਤੀ ਹੈ ਤਾਂ ਮੌਤ ਮਗਰੋਂ ਪ੍ਰਜਨਨ ''ਤੇ ਪਾਬੰਦੀ ਨਹੀਂ: ਹਾਈ ਕੋਰਟ

Saturday, Oct 05, 2024 - 10:16 AM (IST)

ਸ਼ੁਕਰਾਣੂ-ਆਂਡੇ ਦੇ ਮਾਲਕ ਦੀ ਸਹਿਮਤੀ ਹੈ ਤਾਂ ਮੌਤ ਮਗਰੋਂ ਪ੍ਰਜਨਨ ''ਤੇ ਪਾਬੰਦੀ ਨਹੀਂ: ਹਾਈ ਕੋਰਟ

ਨਵੀਂ ਦਿੱਲੀ-  ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਸ਼ੁਕਰਾਣੂ ਜਾਂ ਆਂਡੇ ਦੇ ਮਾਲਕ ਦੀ ਸਹਿਮਤੀ ਮਿਲ ਜਾਵੇ ਤਾਂ ਉਸ ਦੀ ਮੌਤ ਤੋਂ ਬਾਅਦ ਪ੍ਰਜਨਨ ’ਤੇ ਕੋਈ ਪਾਬੰਦੀ ਨਹੀਂ ਹੈ। ਅਦਾਲਤ ਨੇ ਇਕ ਨਿੱਜੀ ਹਸਪਤਾਲ ਨੂੰ ਮ੍ਰਿਤਕ ਵਿਅਕਤੀ ਦੇ ਸੁਰੱਖਿਅਤ ਸ਼ੁਕਰਾਣੂ ਉਸ ਦੇ ਮਾਪਿਆਂ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਮੌਤ ਤੋਂ ਬਾਅਦ ਪ੍ਰਜਣਨ ਦਾ ਮਤਲਬ ਇਕ ਜਾਂ ਦੋਵੇਂ ਜੈਵਿਕ ਮਾਤਾ-ਪਿਤਾ ਦੀ ਮੌਤ ਮਗਰੋਂ ਸਹਾਇਕ ਪ੍ਰਜਨਨ ਤਕਨੀਕ ਦਾ ਇਸਤੇਮਾਲ ਕਰ ਕੇ ਗਰਭਧਾਰਨ ਦੀ ਪ੍ਰਕਿਰਿਆ ਤੋਂ ਹੈ। ਅਦਾਲਤ ਨੇ ਕਿਹਾ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਇਸ ਫ਼ੈਸਲੇ 'ਤੇ ਵਿਚਾਰ ਕਰੇਗਾ ਕਿ ਕੀ ਮੌਤ ਮਗਰੋਂ ਪ੍ਰਜਨਨ ਜਾਂ ਇਸ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਕਿਸੇ ਕਾਨੂੰਨ, ਐਕਟ ਜਾਂ ਦਿਸ਼ਾ-ਨਿਰਦੇਸ਼ ਦੀ ਜ਼ਰੂਰਤ ਹੈ। 

ਅਦਾਲਤ ਨੇ ਇਹ ਫ਼ੈਸਲਾ ਸੁਣਾਉਂਦੇ ਹੋਏ ਗੰਗਾ ਰਾਮ ਹਸਪਤਾਲ ਨੂੰ ਨਿਰਦੇਸ਼ ਦਿੱਤਾ ਕਿ ਉਹ ਮਾਪਿਆਂ ਨੂੰ ਉਨ੍ਹਾਂ ਦੇ ਮ੍ਰਿਤਕ ਅਣਵਿਆਹੇ ਪੁੱਤਰ ਦੇ ਸੁਰੱਖਿਅਤ ਰੱਖੇ ਗਏ ਸ਼ੁਕਰਾਣੂ ਤੁਰੰਤ ਮੁਹੱਈਆ ਕਰਵਾਏ, ਤਾਂ ਜੋ ਸਰੋਗੇਸੀ ਰਾਹੀਂ ਉਨ੍ਹਾਂ ਦਾ ਵੰਸ਼ ਅੱਗੇ ਵਧ ਸਕੇ। ਪਟੀਸ਼ਨਕਰਤਾ ਦੇ ਕੈਂਸਰ ਪੀੜਤ ਪੁੱਤਰ ਦੀ ਕੀਮੋਥੈਰੇਪੀ ਸ਼ੁਰੂ ਹੋਣ ਤੋਂ ਪਹਿਲਾਂ ਜੂਨ 2020 ਵਿਚ ਉਸ ਦੇ ਵੀਰਜ ਦੇ ਨਮੂਨੇ ਨੂੰ ‘ਫ੍ਰੀਜ਼’ ਕਰਵਾ ਦਿੱਤਾ ਗਿਆ ਸੀ ਕਿਉਂਕਿ ਡਾਕਟਰਾਂ ਨੇ ਦੱਸਿਆ ਸੀ ਕਿ ਕੈਂਸਰ ਦੇ ਇਲਾਜ ਨਾਲ ਬਾਂਝਪਨ ਹੋ ਸਕਦਾ ਹੈ। ਇਸ ਲਈ ਪੁੱਤਰ ਨੇ 2020 'ਚ ਹਸਪਤਾਲ ਦੀ IVF ਲੈਬ ਵਿਚ ਆਪਣੇ ਸ਼ੁਕਰਾਣੂ ਨੂੰ ਸੁਰੱਖਿਅਤ ਕਰਨ ਦਾ ਫ਼ੈਸਲਾ ਕੀਤਾ ਸੀ।

ਜਦੋਂ ਮ੍ਰਿਤਕ ਦੇ ਮਾਤਾ-ਪਿਤਾ ਨੇ ਵੀਰਜ ਦਾ ਨਮੂਨਾ ਲੈਣ ਲਈ ਹਸਪਤਾਲ ਨਾਲ ਸੰਪਰਕ ਕੀਤਾ, ਤਾਂ ਹਸਪਤਾਲ ਨੇ ਕਿਹਾ ਕਿ ਅਦਾਲਤ ਦੇ ਉੱਚਿਤ ਆਦੇਸ਼ ਬਿਨਾਂ ਨਮੂਨਾ ਜਾਰੀ ਨਹੀਂ ਕੀਤਾ ਜਾ ਸਕਦਾ ਹੈ। ਅਦਾਲਤ ਨੇ 84 ਪੰਨਿਆਂ ਦੇ ਫ਼ੈਸਲੇ ਵਿਚ ਕਿਹਾ ਕਿ ਪਟੀਸ਼ਨ ਵਿਚ ਔਲਾਦ ਨੂੰ ਜਨਮ ਦੇਣ ਨਾਲ ਸਬੰਧਤ ਕਾਨੂੰਨੀ ਅਤੇ ਨੈਤਿਕ ਮੁੱਦਿਆਂ ਸਮੇਤ ਕਈ ਮਹੱਤਵਪੂਰਨ ਮਸਲੇ ਚੁੱਕੇ ਗਏ ਹਨ। ਅਦਾਲਤ ਨੇ ਕਿਹਾ ਕਿ ਮਾਤਾ-ਪਿਤਾ ਨੂੰ ਆਪਣੇ ਪੁੱਤਰ ਦੀ ਗੈਰ-ਹਾਜ਼ਰੀ ਵਿਚ ਪੋਤੇ-ਪੋਤੀ ਨੂੰ ਜਨਮ ਦੇਣ ਦਾ ਮੌਕਾ ਮਿਲ ਸਕਦਾ ਹੈ। 
 


author

Tanu

Content Editor

Related News