ਨਿਤਿਨ ਨਬੀਨ ਨਵੇਂ ਬੰਗਲੇ ’ਚ ਰਾਹੁਲ ਗਾਂਧੀ ਦੇ ਗੁਆਂਢੀ ਹੋਣਗੇ
Wednesday, Dec 31, 2025 - 05:24 PM (IST)
ਭਾਜਪਾ ਦੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਫੁੱਲ ਟਾਈਮ ਰਾਸ਼ਟਰੀ ਪ੍ਰਧਾਨ ਦੇ ਤੌਰ ’ਤੇ ਅਪੁਆਇੰਟਮੈਂਟ ਮਾਘ ਮਹੀਨੇ ਦੀ ਸੰਗਰਾਂਦ ਤੋਂ ਤੁਰੰਤ ਬਾਅਦ ਫਾਸਟ-ਟ੍ਰੈਕ ਕੀਤੀ ਜਾਵੇਗੀ। ਦਿੱਲੀ ’ਚ ਪਾਰਟੀ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਬੁਲਾ ਕੇ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ 15 ਜਨਵਰੀ ਤੋਂ ਬਾਅਦ ਹੋਣ ਵਾਲੀ ਮੀਟਿੰਗ ’ਚ ਦੇਸ਼ ਤੋਂ ਸਾਰੇ ਸੂਬਿਆਂ ਦੇ ਭਾਜਪਾ ਪ੍ਰਧਾਨ ਅਤੇ ਮੁੱਖ ਮੰਤਰੀ ਸ਼ਾਮਲ ਹੋਣਗੇ।
ਨਿਤਿਨ ਨਬੀਨ ਮਾਘ ਮਹੀਨੇ ਦੀ ਸੰਗਰਾਂਦ ਤੋਂ ਬਾਅਦ ਸਥਾਈ ਤੌਰ ’ਤੇ ਦਿੱਲੀ ਸ਼ਿਫਟ ਹੋ ਜਾਣਗੇ ਅਤੇ ਉਨ੍ਹਾਂ ਨੂੰ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਦੇ ਤੌਰ ’ਤੇ 9 ਸੁਨਹਿਰੀ ਬਾਗ ਰੋਡ ’ਤੇ ਇਕ ਸਰਕਾਰੀ ਬੰਗਲਾ ਅਲਾਟ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਇੱਥੇ ਲਾਗੇ ਹੀ 5, ਸੁਨਹਿਰੀ ਬਾਗ ਰੋਡ ’ਤੇ ਰਹਿੰਦੇ ਹਨ।
ਨਬੀਨ, ਜਿਨ੍ਹਾਂ ਨੂੰ ਹਾਲ ਹੀ ’ਚ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਤਾਮਿਲਨਾਡੂ ਅਤੇ ਆਸਾਮ ਵਰਗੇ ਸੂਬਿਆਂ ’ਚ ਟਰੈਵਲ ਕਰ ਰਹੇ ਹਨ। ਰਾਸ਼ਟਰੀ ਰਾਜਧਾਨੀ ’ਚ ਉਨ੍ਹਾਂ ਦਾ ਸਥਾਈ ਮੂਵ ਇਸ ਗੱਲ ਦਾ ਇਸ਼ਾਰਾ ਹੈ ਕਿ ਪਾਰਟੀ ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 2027 ਦੀਆਂ ਉੱਤਰ ਪ੍ਰਦੇਸ਼ ਚੋਣਾਂ ’ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।
ਇਹ ਕਦਮ ਉਨ੍ਹਾਂ ਦੇ ਜੇ. ਪੀ. ਨੱਡਾ ਦੀ ਜਗ੍ਹਾ ਫੁੱਲ ਟਾਈਮ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੇ ਤੌਰ ’ਤੇ ਚੁਣੇ ਜਾਣ ਤੋਂ ਪਹਿਲਾਂ ਆਇਆ ਹੈ। ਇਹ ਪ੍ਰੋਸੈੱਸ 20-21 ਜਨਵਰੀ ਤੱਕ ਪੂਰਾ ਹੋਣ ਦੀ ਉਮੀਦ ਹੈ, ਕਿਉਂਕਿ ਗਣਤੰਤਰ ਦਿਵਸ ਦੇ ਜਸ਼ਨਾਂ ਅਤੇ ਫਰਵਰੀ ਤੋਂ ਸ਼ੁਰੂ ਹੋਣ ਵਾਲੇ ਲੰਬੇ ਬਜਟ ਸੈਸ਼ਨ ਨਾਲ ਜੁਡ਼ੀਆਂ ਬਹੁਤ ਸਾਰੀਆਂ ਸਰਗਰਮੀਆਂ ਹੋਣਗੀਆਂ। ਭਾਜਪਾ ਨੇ 37 ’ਚੋਂ 29 ਸੂਬਿਆਂ ’ਚ ਸੰਗਠਨਾਤਮਕ ਚੋਣ ਪ੍ਰਕਿਰਿਆ ਪਹਿਲਾਂ ਹੀ ਪੂਰੀ ਕਰ ਲਈ ਹੈ ਅਤੇ ਉਹ ਇਸ ਅਹੁਦੇ ਲਈ ਨਬੀਨ ਦੀ ਉਮੀਦਵਾਰੀ ਨੂੰ ਸਪੋਰਟ ਕਰਦੇ ਹੋਏ ਨਾਮਜ਼ਦਗੀ ਦਸਤਾਵੇਜ਼ਾਂ ਦਾ ਇਕ ਸੈੱਟ ਜਮ੍ਹਾ ਕਰਨਗੇ।
