ਕੇਰਲ ਨੂੰ ‘ਮਿਨੀ ਪਾਕਿਸਤਾਨ’ ਦੱਸਣ ਵਾਲੇ ਨਿਤੇਸ਼ ਰਾਣੇ ਨੂੰ ਬਰਖਾਸਤ ਕੀਤਾ ਜਾਵੇ : ਕਾਂਗਰਸ
Tuesday, Dec 31, 2024 - 07:38 PM (IST)
ਨਵੀਂ ਦਿੱਲੀ (ਏਜੰਸੀ)- ਕਾਂਗਰਸ ਨੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਿਤੇਸ਼ ਰਾਣੇ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਉੱਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਣੇ ਦੇ ਬਿਆਨ ਉੱਤੇ ਥੋੜ੍ਹੀ ਵੀ ਸ਼ਰਮਿੰਦਗੀ ਹੈ ਤਾਂ ਉਨ੍ਹਾਂ ਨੂੰ ਰਾਣੇ ਦੀ ਤੁਰੰਤ ਬਰਖਾਸਤਗੀ ਯਕੀਨੀ ਬਣਾਉਣੀ ਚਾਹੀਦੀ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੇ ਇਹ ਦਾਅਵਾ ਵੀ ਕੀਤਾ ਕਿ ਕੇਰਲ ਨੇ ਭਾਜਪਾ ਨੂੰ ਅੱਜ ਤੱਕ ਸਵੀਕਾਰ ਨਹੀਂ ਕੀਤਾ ਹੈ ਅਤੇ ਕਦੇ ਕਰੇਗਾ ਵੀ ਨਹੀਂ।
ਮਹਾਰਾਸ਼ਟਰ ਦੇ ਮੰਤਰੀ ਅਤੇ ਭਾਜਪਾ ਨੇਤਾ ਨਿਤੇਸ਼ ਰਾਣੇ ਨੇ ਪਿਛਲੇ ਐਤਵਾਰ ਨੂੰ ਪੁਣੇ ਜਿਲ੍ਹੇ ਦੀ ਪੁਰੰਦਰ ਤਹਿਸੀਲ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਇਲਜ਼ਾਮ ਲਗਾਇਆ ਸੀ ,'ਕੇਰਲ 'ਮਿੰਨੀ ਪਾਕਿਸਤਾਨ' ਹੈ। ਅੱਤਵਾਦੀਆਂ ਨੇ ਪਹਿਲਾਂ ਰਾਹੁਲ ਗਾਂਧੀ ਨੂੰ ਵੋਟ ਦਿੱਤੀ ਅਤੇ ਹੁਣ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਨੂੰ ਵੋਟ ਦਿੱਤੀ ਹੈ।' ਵੇਣੁਗੋਪਾਲ ਨੇ ‘ਐਕਸ ਉੱਤੇ ਪੋਸਟ ਵਿਚ ਲਿਖਿਆ ਕਿ ਭਾਜਪਾ ਸਮੇਂ-ਸਮੇਂ 'ਤੇ ਕੇਰਲ ਖਿਲਾਫ ਜ਼ਹਿਰ ਉਗਲਣ ਲਈ ਆਪਣੇ ਨਫਰਤ ਫੈਲਾਉਣ ਵਾਲੇ ਨੇਤਾਵਾਂ ਨੂੰ ਅੱਗੇ ਕਰਦੀ ਰਹੀ ਹੈ। 'ਮਿਨੀ ਪਾਕਿਸਤਾਨ' ਵਰਗੇ ਸ਼ਬਦਾਂ ਦਾ ਇਸਤੇਮਾਲ ਦਰਸਾਉਂਦਾ ਹੈ ਕਿ ਉਨ੍ਹਾਂ ਦੇ ਮਨ ਵਿੱਚ ਕੇਰਲ ਦੇ ਲੋਕਾਂ ਪ੍ਰਤੀ ਕਿੰਨੀ ਡੂੰਘਾ ਦੁਸ਼ਮਨੀ ਹੈ। ਉੱਧਰ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਯਨ ਨੇ ਵੀ ਨਿਤੇਸ਼ ਰਾਣੇ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਬਹੁਤ ਜ਼ਿਆਦਾ ਭੜਕਾਊ ਅਤੇ ਨਿੰਦਣਯੋਗ ਹੈ।