ਨਹੀਂ ਰਹੇ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ, 5 ਕਰੋੜ ਲੋਕਾਂ ਨੂੰ ਠੱਗ ਕੇ ਬਣਾਇਆ ਸੀ ਅਰਬਾਂ ਦਾ ਸਾਮਰਾਜ
Monday, Aug 26, 2024 - 05:37 AM (IST)
 
            
            ਨਵੀਂ ਦਿੱਲੀ : ਚਿੱਟਫੰਡ ਕੰਪਨੀ ਪੀਏਸੀਐੱਲ ਯਾਨੀ ਪਰਲਸ ਗਰੁੱਪ ਨਾਲ ਦੇਸ਼ ਦੇ ਕਰੀਬ 5 ਕਰੋੜ ਲੋਕਾਂ ਨੂੰ 50 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਉਣ ਵਾਲੇ ਨਿਰਮਲ ਸਿੰਘ ਭੰਗੂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਦਿੱਲੀ ਦੀ ਜੇਲ੍ਹ ਵਿਚ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਭੰਗੂ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਪੀਜੀਐੱਫ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਨਿਰਮਲ ਸਿੰਘ ਭੰਗੂ ਨੂੰ ਪੀਜੀਐੱਫ/ਪੀਏਸੀਐੱਲ ਲਿਮਟਿਡ ਵਲੋਂ ਸੰਚਾਲਤ ਚਿੱਟਫੰਡ ਘੁਟਾਲੇ ਵਿਚ 8 ਜਨਵਰੀ, 2016 ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਹਾਲੇ ਜੇਲ੍ਹ ਵਿਚ ਹੀ ਸਨ।
ਪਰਲਸ ਗਰੁੱਪ ਦਾ ਮਾਲਕ ਨਿਰਮਲ ਸਿੰਘ ਭੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਸ਼ੁਰੂ ਵਿਚ ਸਾਈਕਲ ਰਾਹੀਂ ਦੁੱਧ ਵੇਚਦਾ ਸੀ। ਇਸ ਤੋਂ ਬਾਅਦ ਨੌਕਰੀ ਦੀ ਤਲਾਸ਼ ਵਿਚ 70 ਦੇ ਦਹਾਕੇ ਵਿਚ ਕੋਲਕਾਤਾ ਚਲਾ ਗਿਆ। ਉਥੇ ਉਸ ਨੇ ਇਕ ਇਨਵੈਸਟਮੈਂਟ ਕੰਪਨੀ ਪੀਅਰਲੈੱਸ ਵਿਚ ਕੁਝ ਸਾਲ ਕੰਮ ਕੀਤਾ।
ਉਸ ਤੋਂ ਬਾਅਦ ਇੰਵੈਸਟਰਸ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੀ ਹਰਿਆਣਾ ਦੀ ਕੰਪਨੀ ਗੋਲਡਨ ਫਾਰੈਸਟ ਇੰਡੀਆ ਲਿਮਟਿਡ ਵਿਚ ਕੰਮ ਕਰਨ ਲੱਗਾ। ਉਸ ਨੇ 1980 ਵਿਚ ਪਰਲਸ ਗੋਲਡਨ ਫਾਰੈਸਟ (ਪੀਜੀਐੱਫ) ਨਾਂ ਦੀ ਕੰਪਨੀ ਬਣਾਈ, ਜਿਹੜੀ ਲੋਕਾਂ ਤੋਂ ਸਾਗੌਨ ਵਰਗੇ ਦਰੱਖਤਾਂ ਦੇ ਪਲਾਂਟੇਸ਼ਨ 'ਤੇ ਇਨਵੈਸਟਮੈਂਟ ਕਰਕੇ ਚੰਗਾ ਮੁਨਾਫ਼ਾ ਦੇਣ ਦਾ ਵਾਅਦਾ ਕਰਦੀ ਸੀ। 1996 ਤਕ ਇਸ ਤੋਂ ਕਰੋੜਾਂ ਰੁਪਏ ਜੁਟਾ ਲਏ ਸਨ, ਪਰ ਇਨਕਮ ਟੈਕਸ ਅਤੇ ਦੂਜੀਆਂ ਜਾਂਚਾਂ ਕਾਰਨ ਉਸ ਨੂੰ ਇਸ ਕੰਪਨੀ ਨੂੰ ਬੰਦ ਕਰਨਾ ਪਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            