ਨਿਰਭਿਆ ਗੈਂਗਰੇਪ : ਦੋਸ਼ੀ ਦੀ ਦਯਾ ਪਟੀਸ਼ਨ ਗ੍ਰਹਿ ਮੰਤਰਾਲੇ ਨੂੰ ਮਿਲੀ

12/04/2019 5:34:39 PM

ਨਵੀਂ ਦਿੱਲੀ— ਗ੍ਰਹਿ ਮੰਤਰਾਲੇ ਨੂੰ ਨਿਰਿਭਆ ਗੈਂਗਰੇਪ ਦੇ ਇਕ ਦੋਸ਼ੀ ਦੀ ਦਯਾ ਪਟੀਸ਼ਨ ਮਿਲ ਚੁਕੀ ਹੈ। ਮੰਤਰਾਲੇ ਜਲਦ ਹੀ ਦਯਾ ਪਟੀਸ਼ਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਭੇਜੇਗਾ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਦਯਾ ਪਟੀਸ਼ਨ ਨੂੰ ਖਾਰਜ ਕੀਤੇ ਜਾਣ ਦੀ ਸਿਫ਼ਾਰਿਸ਼ ਕੀਤੀ ਸੀ। ਜੇਕਰ ਰਾਸ਼ਟਰਪਤੀ ਦਯਾ ਪਟੀਸ਼ਨ ਨੂੰ ਖਾਰਜ ਕਰ ਦਿੰਦੇ ਹਨ ਤਾਂ ਨਿਰਭਿਆ ਦੇ ਦੋਸ਼ੀਆਂ ਨੂੰ ਜਲਦ ਫਾਂਸੀ 'ਤੇ ਲਟਕਾਉਣ ਦਾ ਰਸਤਾ ਸਾਫ਼ ਹੋ ਜਾਵੇਗਾ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਨਿਰਭਿਆ ਗੈਂਗਰੇਪ ਦੇ ਇਕ ਦੋਸ਼ੀ ਵਿਨੇ ਸ਼ਰਮਾ ਦੀ ਦਯਾ ਪਟੀਸ਼ਨ ਨੂੰ ਖਾਰਜ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਇਸ ਮਾਮਲੇ 'ਚ ਅਰਵਿੰਦ ਕੇਜਰੀਵਾਲ ਸਰਕਾਰ ਦੀ ਸਿਫ਼ਾਰਿਸ਼ ਨਾਲ ਫਾਈਲ ਨੂੰ ਉੱਪ ਰਾਜਪਾਲ ਅਨਿਲ ਬੈਜਲ ਕੋਲ ਭੇਜ ਦਿੱਤਾ ਸੀ।

ਦਯਾ ਪਟੀਸ਼ਨ ਖਾਰਜ ਕਰਨ ਦੀ ਸਿਫ਼ਾਰਿਸ਼
ਦਿੱਲੀ ਸਰਕਾਰ ਨੇ ਉੱਪ ਰਾਜਪਾਲ ਨੂੰ ਕੀਤੀ ਗਈ ਸਿਫ਼ਾਰਿਸ਼ 'ਚ ਕਿਹਾ ਸੀ,''ਦਯਾ ਪਟੀਸ਼ਨ ਦਾਇਰ ਕਰਨ ਵਾਲੇ ਵਿਅਕਤੀ ਵਲੋਂ ਬਹੁਤ ਹੀ ਗੰਭੀਰ ਅਪਰਾਧ ਕੀਤਾ ਗਿਆ ਹੈ। ਅਜਿਹੇ ਅੱਤਿਆਚਾਰ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਇਸ ਕੇਸ 'ਚ ਉਦਾਹਰਣ ਪੇਸ਼ ਕਰਨ ਵਾਲੀ ਸਜ਼ਾ ਦਿੱਤੀ ਜਾਵੇ। ਦਯਾ ਪਟੀਸ਼ਨ ਦਾ ਕੋਈ ਆਧਾਰ ਨਹੀਂ ਹੈ, ਇਸ ਨੂੰ ਖਾਰਜ ਕਰਨ ਦੀ ਸਿਫ਼ਾਰਿਸ਼ ਕਰਦੇ ਹਾਂ।''

ਰਾਸ਼ਟਰਪਤੀ ਕੋਲ ਭੇਜੀ ਜਾਵੇਗੀ ਦਯਾ ਪਟੀਸ਼ਨ
ਦੱਸਣਯੋਗ ਹੈ ਕਿ ਨਿਰਭਿਆ ਕੇਸ ਦੇ 4 ਦੋਸ਼ੀਆਂ 'ਚੋਂ ਸਿਰਫ਼ ਇਕ ਵਿਨੇ ਸ਼ਰਮਾ ਨੇ ਦਯਾ ਪਟੀਸ਼ਨ ਦਾਖਲ ਕੀਤੀ ਹੈ। ਤਿਹਾੜ ਜੇਲ ਨੇ ਕੋਰਟ ਨੂੰ ਦੱਸਿਆ ਕਿ ਮਾਮਲੇ ਦੇ 4 ਦੋਸ਼ੀਆਂ 'ਚੋਂ ਇਕ ਨੇ 4 ਨਵੰਬਰ ਨੂੰ ਰਾਸ਼ਟਰਪਤੀ ਕੋਲ ਭੇਜਣ ਲਈ ਦਯਾ ਪਟੀਸ਼ਨ ਦਿੱਤੀ ਹੈ, ਜੋ ਸਰਕਾਰ ਕੋਲ ਭਿਜਵਾ ਦਿੱਤੀ ਗਈ ਹੈ।

2012 'ਚ ਚੱਲਦੀ ਬੱਸ 'ਚ ਹੋਇਆ ਸੀ ਗੈਂਗਰੇਪ
ਜ਼ਿਕਰਯੋਗ ਹੈ ਕਿ ਦਸੰਬਰ 2012 ਨੂੰ ਇਕ ਪੈਰਾ-ਮੈਡੀਕਲ ਵਿਦਿਆਰਥਣ ਨਾਲ ਚੱਲਦੀ ਬੱਸ 'ਚ ਦਰਿੰਦਗੀ ਕੀਤੀ ਗਈ ਸੀ। ਇਸ ਮਾਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ ਸੀ ਅਤੇ ਦੇਸ਼ 'ਚ ਕਈ ਦਿਨਾਂ ਤੱਕ ਜਗ੍ਹਾ-ਜਗ੍ਹਾ ਪ੍ਰਦਰਸ਼ਨ ਹੋਏ ਸਨ। ਇਸ ਮਾਮਲੇ ਦੇ ਮੁੱਖ ਦੋਸ਼ੀ ਨੇ ਤਿਹਾੜ ਜੇਲ 'ਚ ਖੁਦਕੁਸ਼ੀ ਕਰ ਲਈ ਸੀ। ਬਾਕੀ 4 ਬਾਲਗ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਕ ਦੋਸ਼ੀ ਨਾਬਾਲਗ ਸੀ, ਇਸ਼ ਲਈ ਸਖਤ ਸਜ਼ਾ ਤੋਂ ਬਚ ਗਿਆ। ਇਸ ਕਾਰਨ ਦੇਸ਼ ਭਰ 'ਚ ਇਸ ਮੰਗ ਨੇ ਵੀ ਜ਼ੋਰ ਫੜਿਆ ਸੀ ਕਿ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਵਿਰੁੱਧ ਬਾਲਗਾਂ ਦੀ ਤਰ੍ਹਾਂ ਕੇਸ ਚਲਾਇਆ ਜਾਵੇ। ਬਾਅਦ 'ਚ ਇਸ ਬਾਰੇ ਕਾਨੂੰਨ 'ਚ ਸੋਧ ਵੀ ਹੋਇਆ ਪਰ ਉਹ ਕਾਨੂੰਨ ਪਿਛਲੀ ਤਾਰੀਕ ਨਾਲ ਨਿਰਭਿਆ ਦੇ ਦਰਿੰਦੇ 'ਤੇ ਲਾਗੂ ਨਹੀਂ ਹੋ ਸਕਦਾ।


DIsha

Content Editor

Related News