''ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਨਾ ਮਿਲਣ ਕਾਰਨ ਬਲਾਤਕਾਰੀਆਂ ਦਾ ਹੌਂਸਲਾ ਵਧਿਆ''

Monday, Dec 02, 2019 - 06:04 PM (IST)

''ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਨਾ ਮਿਲਣ ਕਾਰਨ ਬਲਾਤਕਾਰੀਆਂ ਦਾ ਹੌਂਸਲਾ ਵਧਿਆ''

ਬਲੀਆ (ਭਾਸ਼ਾ)— ਦਿੱਲੀ ਦੇ 2012 ਸਮੂਹਕ ਬਲਾਤਕਾਰ ਕਾਂਡ ਦੀ ਪੀੜਤਾ ਨਿਰਭਯਾ ਦੇ ਦਾਦਾ ਨੇ ਸੋਮਵਾਰ ਨੂੰ ਕਿਹਾ ਕਿ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਨਾ ਹੋਣ ਕਾਰਨ ਬਲਾਤਕਾਰੀਆਂ ਦਾ ਹੌਂਸਲਾ ਵਧਿਆ ਹੈ ਅਤੇ ਇਸ ਵਜ੍ਹਾ ਤੋਂ ਇਨ੍ਹਾਂ ਘਟਨਾਵਾਂ 'ਤੇ ਰੋਕ ਨਹੀਂ ਲੱਗ ਸਕੀ। ਨਿਰਭਯਾ ਦੇ ਦਾਦਾ ਲਾਲ ਜੀ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਰਭਯਾ ਕਾਂਡ ਦੇ 7 ਸਾਲ ਬਾਅਦ ਵੀ ਬਲਾਤਕਾਰੀਆਂ ਨੂੰ ਫਾਂਸੀ 'ਤੇ ਨਹੀਂ ਚੜ੍ਹਾਇਆ ਗਿਆ, ਇੰਨੇ ਘਿਨਾਉਣੇ ਕਾਂਡ ਦੇ ਅਪਰਾਧੀ ਹੁਣ ਵੀ ਜੇਲ 'ਚ ਹੀ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਫਾਂਸੀ ਹੋ ਗਈ ਹੁੰਦੀ ਤਾਂ ਲੋਕ ਬਲਾਤਕਾਰ ਤੋਂ ਪਹਿਲਾਂ ਦਹਿਸ਼ਤ ਵਿਚ ਰਹਿੰਦੇ।

ਲਾਲ ਸਿੰਘ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਬਲਾਤਕਾਰ ਨੂੰ ਲੈ ਕੇ ਨਵਾਂ ਸਖਤ ਕਾਨੂੰਨ ਬਣਾਉਣ ਦੀ ਗੱਲ ਕਹਿ ਰਹੀ ਹੈ ਪਰ ਕਾਨੂੰਨ ਬਣਾਉਣ ਨਾਲ ਕੀ ਹੋ ਜਾਵੇਗਾ? ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣਾ ਹੋਵੇ ਤਾਂ ਇਹ ਕਾਨੂੰਨ ਬਣਾਏ ਕਿ ਬਲਾਤਕਾਰ ਦਾ ਦੋਸ਼ੀ ਗ੍ਰਿਫਤਾਰ ਹੋਣ ਤੋਂ ਬਾਅਦ ਭੀੜ ਦੇ ਹਵਾਲੇ ਕਰ ਦਿੱਤਾ ਜਾਵੇ, ਜਨਤਾ ਖੁਦ ਇਨਸਾਫ ਕਰ ਦੇਵੇਗੀ। ਜਿਸ ਦਿਨ ਬਲਾਤਕਾਰੀ ਨੂੰ ਚੌਰਾਹੇ 'ਤੇ ਖੜ੍ਹਾ ਕਰ ਕੇ ਗੋਲੀ ਮਾਰ ਦਿੱਤੀ ਜਾਵੇਗੀ, ਬਲਾਤਕਾਰ ਦੀਆਂ ਘਟਨਾਵਾਂ 'ਤੇ ਰੋਕ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਨਿਆਂ ਵਿਵਸਥਾ ਵਿਚ ਵਿਆਪਕ ਸੁਧਾਰ ਦੀ ਲੋੜ ਹੈ, ਤਾਂ ਕਿ ਬਲਾਤਕਾਰ ਨਾਲ ਜੁੜੇ ਮਾਮਲੇ ਲੰਬੇ ਸਮੇਂ ਤਕ ਪੈਂਡਿੰਗ ਨਾ ਰਹਿਣ।


author

Tanu

Content Editor

Related News