ਨਿਰਭਯਾ ਕੇਸ : ਦਰਿੰਦੇ ਪਵਨ ਦਾ ਆਖਰੀ ਪੈਂਤੜਾ ਵੀ ਫੇਲ, ਦਯਾ ਪਟੀਸ਼ਨ ਖਾਰਜ

Wednesday, Mar 04, 2020 - 02:13 PM (IST)

ਨਿਰਭਯਾ ਕੇਸ : ਦਰਿੰਦੇ ਪਵਨ ਦਾ ਆਖਰੀ ਪੈਂਤੜਾ ਵੀ ਫੇਲ, ਦਯਾ ਪਟੀਸ਼ਨ ਖਾਰਜ

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਦੇ ਚੌਥੇ ਦੋਸ਼ੀ ਪਵਨ ਦੀ ਦਯਾ ਪਟੀਸ਼ਨ ਨੂੰ ਬੁੱਧਵਾਰ ਭਾਵ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਖਾਰਜ ਕਰ ਦਿੱਤਾ ਗਿਆ ਹੈ। ਹੋਰ ਤਿੰਨ ਦੋਸ਼ੀਆਂ-ਮੁਕੇਸ਼, ਵਿਨੇ, ਅਕਸ਼ੈ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਵਲੋਂ ਪਹਿਲਾਂ ਹੀ ਖਾਰਜ ਕੀਤੀ ਜਾ ਚੁੱਕੀ ਹੈ, ਇਸ ਦੇ ਨਾਲ ਹੀ ਇਨ੍ਹਾਂ ਚਾਰੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਦਾ ਰਾਹ ਸਾਫ ਹੋ ਗਿਆ ਹੈ। ਇੱਥੇ ਦੱਸ ਦੇਈਏ ਕਿ ਚਾਰੇ ਦੋਸ਼ੀਆਂ ਨੂੰ ਮੰਗਲਵਾਰ ਸਵੇਰ (3 ਮਾਰਚ) ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਪਵਨ ਗੁਪਤਾ ਨੇ ਸੋਮਵਾਰ ਨੂੰ ਰਾਸ਼ਟਰਪਤੀ ਕੋਲ ਆਪਣੀ ਦਯਾ ਪਟੀਸ਼ਨ ਦਾਇਰ ਕਰ ਦਿੱਤੀ ਸੀ, ਜਿਸ ਨਾਲ ਉਨ੍ਹਾਂ ਦੀ ਫਾਂਸੀ 'ਤੇ ਰੋਕ ਲੱਗ ਗਈ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਉਸ ਦੀ ਕਿਊਰੇਟਿਵ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।

ਚਾਰੇ ਦੋਸ਼ੀਆਂ ਦੇ ਸਾਰੇ ਕਾਨੂੰਨੀ ਬਦਲ ਖਤਮ ਹੋ ਚੁੱਕੇ ਹਨ। ਹੁਣ ਤਿਹਾੜ ਜੇਲ ਪ੍ਰਸ਼ਾਸਨ ਨਵਾਂ ਡੈੱਥ ਵਾਰੰਟ ਜਾਰੀ ਕਰਨ ਲਈ ਕੋਰਟ ਦਾ ਰੁਖ਼ ਕਰੇਗਾ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ 2 ਵਾਰ ਫਾਂਸੀ ਦੀ ਸਜ਼ਾ ਨੂੰ ਟਾਲ ਦਿੱਤਾ ਗਿਆ ਸੀ ਅਤੇ 3 ਮਾਰਚ ਨੂੰ ਫਾਂਸੀ ਦੇਣ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਗਿਆ ਸੀ। 

ਕੀ ਹੈ ਮਾਮਲਾ— 
16 ਦਸੰਬਰ 2012 ਨੂੰ ਦੱਖਣੀ ਦਿੱਲੀ 'ਚ ਇਕ ਚੱਲਦੀ ਬੱਸ 'ਚ 23 ਸਾਲਾ ਪੈਰਾ-ਮੈਡੀਕਲ ਵਿਦਿਆਰਥਣ ਨਾਲ 6 ਵਹਿਸ਼ੀ ਦਰਿੰਦਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਅਤੇ ਬਾਅਦ 'ਚ ਉਸ ਨੂੰ ਚੱਲਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ ਗਿਆ ਸੀ। 29 ਦਸੰਬਰ 2012 ਨੂੰ ਸਿੰਗਾਪੁਰ ਦੇ ਇਕ ਹਸਪਤਾਲ 'ਚ ਵਿਦਿਆਰਥਣ ਦੀ ਮੌਤ ਹੋ ਗਈ ਸੀ। ਮਾਮਲੇ ਦੇ ਇਕ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਵੀ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਉਦੋਂ ਨਾਬਾਲਗ ਸੀ, ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ 3 ਸਾਲ ਬਾਲ ਸੁਧਾਰ ਗ੍ਰਹਿ 'ਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।


author

Tanu

Content Editor

Related News