10 ਸੂਬਿਆਂ ਤੱਕ ਪਹੁੰਚਿਆ ਨਿਪਾਹ ਵਾਇਰਸ, ਚਮਗਿੱਦੜਾਂ ''ਚ ਮਿਲੀ ਐਂਟੀਬਾਡੀ
Saturday, Jul 29, 2023 - 01:09 PM (IST)

ਨਵੀਂ ਦਿੱਲੀ- ਕੁਝ ਹੀ ਸਾਲਾਂ 'ਚ ਨਿਪਾਹ ਵਾਇਰਸ ਦਾ ਇਨਫੈਕਸ਼ਨ ਦੇਸ਼ ਦੇ ਦੱਖਣ ਤੋਂ ਹੁਣ ਉੱਤਰ ਅਤੇ ਪੂਰਬੀ-ਉੱਤਰ ਸੂਬਿਆਂ ਤੱਕ ਪਹੁੰਚ ਰਿਹਾ ਹੈ। ਭਾਰਤੀ ਵਿਗਿਆਨੀ ਦੱਖਣੀ ਸੂਬਿਆਂ ਨੂੰ ਨਿਪਾਹ ਵਾਇਰਸ ਦੀ 'ਪੱਟੀ' ਮੰਨਦੇ ਹਨ ਪਰ ਹਾਲ ਹੀ 'ਚ ਸਾਹਮਣੇ ਆਏ ਸੀਰੋ ਸਰਵੇ ਵਿਚ ਪਤਾ ਲੱਗਾ ਹੈ ਕਿ ਵਾਇਰਸ ਦੂਜੇ ਸੂਬਿਆਂ ਤੱਕ ਪਹੁੰਚ ਰਿਹਾ ਹੈ।
ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ICMR) ਦੇ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੌਜੀ (NIV) ਦੇ ਵਿਗਿਆਨੀਆਂ ਨੇ ਬੀਤੇ 3 ਸਾਲਾਂ 'ਚ ਦੂਜੀ ਵਾਰ ਨਿਪਾਹ ਵਾਇਰਸ ਨੂੰ ਲੈ ਕੇ ਰਾਸ਼ਟਰੀ ਸੀਰੋ ਸਰਵੇ ਪੂਰਾ ਕੀਤਾ ਹੈ, ਜਿਸ 'ਚ 10 ਸੂਬਿਆਂ ਦੇ ਚਮਗਿੱਦੜਾਂ 'ਚ ਵਾਇਰਸ ਖ਼ਿਲਾਫ਼ ਐਂਟੀਬਾਡੀ ਮਿਲੀ ਹੈ। ਇਨ੍ਹਾਂ 'ਚ ਦੋ ਕੇਂਦਰ ਸ਼ਾਸਿਤ ਸੂਬੇ ਵੀ ਸ਼ਾਮਲ ਹਨ।
NIV ਦੇ ਸੀਨੀਅਰ ਵਿਗਿਆਨੀ ਡਾ: ਪ੍ਰਗਿਆ ਯਾਦਵ ਨੇ ਦੱਸਿਆ ਕਿ ਕਿਸੇ ਵੀ ਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਉਣ ਦਾ ਵਿਕਲਪ ਐਂਟੀਬਾਡੀ ਜਾਂਚ ਹੈ ਕਿਉਂਕਿ ਨਿਪਾਹ ਵਾਇਰਸ ਦਾ ਸਰੋਤ ਚਮਗਿੱਦੜ ਨਾਲ ਜੁੜਿਆ ਹੋਇਆ ਹੈ। ਇਸੇ ਲਈ ਚਮਗਿੱਦੜਾਂ ਦੇ ਸੈਂਪਲ ਲੈ ਕੇ ਰਾਸ਼ਟਰੀ ਪੱਧਰ 'ਤੇ ਸੀਰੋ ਸਰਵੇਖਣ ਕੀਤਾ ਗਿਆ। ਜਿਨ੍ਹਾਂ ਨਵੇਂ ਸੂਬਿਆਂ ਚ ਚਮਗਿੱਦੜਾਂ 'ਚ ਐਂਟੀਬਾਡੀਜ਼ ਪਾਏ ਗਏ ਹਨ, ਉਨ੍ਹਾਂ 'ਚ ਗੋਆ, ਮਹਾਰਾਸ਼ਟਰ, ਬਿਹਾਰ, ਪੱਛਮੀ ਬੰਗਾਲ, ਅਸਾਮ ਅਤੇ ਮੇਘਾਲਿਆ ਸ਼ਾਮਲ ਹਨ। ਐਂਟੀਬਾਡੀਜ਼ ਇਸ ਤੋਂ ਪਹਿਲਾਂ ਕੇਰਲ, ਤਾਮਿਲਨਾਡੂ, ਕਰਨਾਟਕ ਅਤੇ ਪੁਡੂਚੇਰੀ ਵਿਚ ਮਿਲ ਚੁੱਕੇ ਹਨ।
ਇਨ੍ਹਾਂ ਸੂਬਿਆਂ 'ਚ ਵਾਇਰਸ ਨਹੀਂ ਮਿਲਿਆ
ਵਿਗਿਆਨੀਆਂ ਨੇ ਇਸ ਸਾਲ 14 ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸਰਵੇ ਪੂਰਾ ਕੀਤਾ। ਇਨ੍ਹਾਂ 'ਚ ਤੇਲੰਗਾਨਾ, ਗੁਜਰਾਤ, ਪੰਜਾਬ, ਹਿਮਾਚਲ ਪ੍ਰਦੇਸ਼, ਓਡੀਸ਼ਾ ਅਤੇ ਚੰਡੀਗੜ੍ਹ ਸ਼ਾਮਲ ਹਨ, ਜਿੱਥੇ ਨਮੂਨਿਆਂ 'ਚ ਨਿਪਾਹ ਵਾਇਰਸ ਦੀ ਮੌਜੂਦਗੀ ਨਹੀਂ ਪਾਈ ਗਈ।
ਐਂਟੀਬਾਡੀਜ਼ ਹੋਣ ਦਾ ਕੀ ਹੈ ਮਤਲਬ
ਡਾ. ਪ੍ਰਗਿਆ ਨੇ ਕਿਹਾ ਕਿ ਜਦੋਂ ਵੀ ਕੋਈ ਵਾਇਰਸ ਕਿਸੇ ਮਨੁੱਖ ਜਾਂ ਜਾਨਵਰ ਨੂੰ ਸੰਕਰਮਿਤ ਕਰਦਾ ਹੈ ਤਾਂ ਵਾਇਰਸ ਨਾਲ ਲੜਨ ਲਈ ਐਂਟੀਬਾਡੀਜ਼ ਸੰਕਰਮਿਤ ਵਿਅਕਤੀ ਜਾਂ ਜਾਨਵਰ ਦੇ ਸਰੀਰ 'ਚ ਕੁਝ ਸਮੇਂ ਦੇ ਅੰਦਰ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ। ਜੇਕਰ ਅਸੀਂ ਐਂਟੀਬਾਡੀਜ਼ ਦਾ ਪਤਾ ਲਗਾ ਰਹੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਵਿਅਕਤੀ ਜਾਂ ਜਾਨਵਰ ਨੂੰ ਅਤੀਤ 'ਚ ਇਨਫੈਕਸ਼ਨ ਹੋਇਆ ਹੋਵੇਗਾ।
ਹੁਣ ਸਰਵੇਖਣ ਤੋਂ ਬਾਅਦ ਕੀ?
ਵਿਗਿਆਨੀਆਂ ਅਨੁਸਾਰ ਸੀਰੋ ਸਰਵੇਦੇ ਆਧਾਰ 'ਤੇ ਜਿਨ੍ਹਾਂ ਸੂਬਿਆਂ 'ਚ ਐਂਟੀਬਾਡੀਜ਼ ਪਾਏ ਗਏ ਹਨ, ਉੱਥੋਂ ਦੇ ਸਥਾਨਕ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਸੂਬਾ ਸਰਕਾਰ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਰੀਕੇ ਦੱਸੇ ਗਏ ਹਨ ਤਾਂ ਜੋ ਜੇਕਰ ਕੋਈ ਸ਼ੱਕੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਫਿਰ ਤੁਰੰਤ ਕੁਆਰੰਟੀਨ ਆਦਿ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।