ਸ਼੍ਰੀਨਗਰ ਏਅਰਪੋਰਟ ''ਤੇ ਜਲਦ ਸ਼ੁਰੂ ਹੋਵੇਗੀ ਰਾਤ ਨੂੰ ਉਡਾਣ ਸੇਵਾ

Friday, Jul 09, 2021 - 01:13 PM (IST)

ਜੰਮੂ- ਸ਼੍ਰੀਨਗਰ ਅਤੇ ਜੰਮੂ ਏਅਰਪੋਰਟ 'ਤੇ ਰਾਤ ਨੂੰ ਉਡਾਣ ਸੇਵਾ ਸ਼ੁਰੂ ਕਰਨ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਸ਼੍ਰੀਨਗਰ ਏਅਰਪੋਰਟ 'ਤੇ ਬਿਹਤਰ ਰੋਸ਼ਨੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਕਾਰਗੋ ਸੇਵਾ ਹੋਰ ਬਿਹਤਰ ਬਣਾਉਣ 'ਤੇ ਕੰਮ ਹੋ ਰਿਹਾ ਹੈ। ਇਸ ਨਾਲ ਕਸ਼ਮੀਰ ਤੋਂ ਸੇਬ ਅਤੇ ਹੋਰ ਫ਼ਲਾਂ ਨੂੰ ਏਅਰ ਕਾਰਗੋ ਰਾਹੀਂ ਦੇਸ਼-ਵਿਦੇਸ਼ ਆਸਾਨੀ ਨਾਲ ਭੇਜਿਆ ਜਾ ਸਕੇਗਾ। ਮੌਜੂਦਾ ਸਮੇਂ ਸ਼੍ਰੀਨਗਰ ਏਅਰਪੋਰਟ 'ਤੇ ਰਾਤ 10 ਵਜੇ ਤੱਕ ਹੀ ਉਡਾਣ ਸੇਵਾ ਹੈ। 

ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੇ ਬੁੱਧਵਾਰ ਨੂੰ ਉੱਚ ਪੱਧਰੀ ਬੈਠਕ 'ਚ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੀਆਂ ਯੋਜਨਾਵਾਂ ਦੇ ਕੰਮ ਦੀ ਸਥਿਤੀ ਜਾਣੀ ਹੈ। ਇਸ 'ਚ ਜੰਮੂ ਅਤੇ ਸ਼੍ਰੀਨਗਰ ਏਅਰਪੋਰਟ 'ਤੇ ਉਡਾਣ ਸੇਵਾ 'ਤੇ ਵੀ ਗੱਲ ਹੋਈ। ਬੈਠਕ ਦੌਰਾਨ ਏਅਰਪੋਰਟ 'ਤੇ ਏਅਰ ਕਾਰਗੋ ਦੀ ਵਿਵਸਥਾ ਹੋਰ ਬਿਹਤਰ ਕਰਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸੇਵਾ ਨੂੰ ਖੇਤੀ ਉਡਾਣ ਯੋਜਨਾ ਨਾਲ ਜੋੜਿਆ ਗਿਆ ਹੈ, ਜਿਸ ਨਾਲ ਖੇਤੀ ਅਤੇ ਬਾਗਬਾਨੀ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। 

ਬੈਠਕ 'ਚ ਸ਼੍ਰੀਨਗਰ ਏਅਰਪੋਰਟ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਦਿਸ਼ਾ 'ਚ ਹੋ ਰਹੀ ਕਾਰਵਾਈ 'ਤੇ ਵੀ ਵਿਚਾਰ ਹੋਇਆ। ਇਸ ਸਮੇਂ ਸ਼੍ਰੀਨਗਰ ਤੋਂ ਸਿਰਫ਼ ਹਜ ਲਈ ਹੀ ਕੌਮਾਂਤਰੀ ਉਡਾਣਾਂ ਜਾਂਦੀਆਂ ਹਨ। ਬੈਠਕ 'ਚ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਡਾ. ਅਰੁਣ ਕੁਮਾਰ ਮੇਹਤਾ, ਲੱਦਾਖ ਦੇ ਉੱਪ ਰਾਜਪਾਲ ਦੇ ਸਲਾਹਕਾਰ ਉਮੰਗ ਨਸਲਾ ਅਤੇ ਨਾਗਰਿਕ ਹਵਾਬਾਜ਼ੀ ਮੰਤਰਾਲਾ, ਖੇਤੀ ਮੰਤਰਾਲਾ ਦੇ ਕਈ ਅਧਿਕਾਰੀ ਵੀ ਮੌਜੂਦ ਸਨ। ਬੈਠਕ 'ਚ ਦੱਸਿਆ ਕਿ ਇਸ ਸਮੇਂ ਜੰਮੂ ਅਤੇ ਸ਼੍ਰੀਨਗਰ ਏਅਰਪੋਰਟ 'ਤੇ ਬਿਹਤਰ ਰੋਸ਼ਨੀ ਦੀ ਵਿਵਸਥਾ ਕੀਤੀ ਜਾ ਰਹੀ ਹੈ। ਹਾਲੇ ਸ਼੍ਰੀਨਗਰ 'ਚ ਰਾਤ 10 ਵਜੇ ਤੱਕ ਹੀ ਉਡਾਣ ਦੀ ਸੇਵਾ ਹੈ।


DIsha

Content Editor

Related News