NIA ਕਰੇਗਾ ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਹੋਏ ਹਮਲੇ ਦੀ ਜਾਂਚ
Tuesday, Apr 18, 2023 - 12:06 PM (IST)
ਨਵੀਂ ਦਿੱਲੀ (ਏਜੰਸੀ)- ਵਿਸ਼ੇਸ਼ ਜਾਂਚ ਇਕਾਈ (ਐੱਨ.ਆਈ.ਏ.) ਨੇ 19 ਮਾਰਚ ਨੂੰ ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਖ਼ਾਲਿਸਤਾਨ ਸਮਰਥਕ ਪ੍ਰਦਰਸ਼ਨਕਾਰੀਆਂ ਵਲੋਂ ਕੀਤੇ ਗਏ ਹਮਲੇ ਦੀ ਜਾਂਚ ਆਪਣੇ ਹੱਥ 'ਚ ਲੈ ਲਈ ਹੈ। ਇਹ ਮਾਮਲਾ ਪਹਿਲਾਂ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ 'ਚ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲਾ ਨੇ ਮਾਮਲੇ ਨੂੰ ਐੱਨ.ਆਈ.ਏ. ਨੂੰ ਟਰਾਂਸਫ਼ਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ 19 ਮਾਰਚ ਨੂੰ ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਚ ਖ਼ਾਲਿਸਤਾਨ ਸਮਰਥਕ ਵਰਕਰਾਂ ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਸੰਬੰਧ 'ਚ ਇਕ ਐੱਫ.ਆਈ.ਆਰ. ਦਰਜ ਕੀਤੀ ਸੀ, ਜਿਸ ਦੌਰਾਨ ਤਿਰੰਗੇ ਨੂੰ ਕੰਪਲੈਕਸ ਤੋਂ ਹੇਠਾਂ ਖਿੱਚ ਲਿਆ ਗਿਆ ਸੀ।
ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਦਿੱਲੀ ਪੁਲਸ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਕਹਿਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ। ਭਾਰਤੀ ਦੰਡਾਵਲੀ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਦੇ ਰੋਕਥਾਮ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਰੋਧ ਦੌਰਾਨ ਸੁਰੱਖਿਆ ਦੀ ਪੂਰੀ ਗੈਰ-ਮੌਜੂਦਗੀ 'ਤੇ ਸਪੱਸ਼ਟੀਕਰਨ ਦੀ ਮੰਗ ਕਰਦੇ ਹੋਏ ਕੇਂਦਰ ਵਲੋਂ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੂੰ ਵੀ ਤਲਬ ਕੀਤਾ ਗਿਆ ਸੀ। ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਏਲੈਕਸ ਏਲਿਸ ਨੇ ਇਸ ਘਟਨਾ ਨੂੰ ਅਪਮਾਨਜਨਕ ਅਤੇ ਪੂਰੀ ਤਰ੍ਹਾਂ ਅਸਵੀਕਾਰਯੋਗ ਦੱਸਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ