ਜੰਮੂ-ਕਸ਼ਮੀਰ ’ਚ ਐੱਨ. ਆਈ. ਏ. ਵਲੋਂ 16 ਥਾਵਾਂ ’ਤੇ ਛਾਪੇ, 500 ਤੋਂ ਵੱਧ ਕਾਬੂ
Monday, Oct 11, 2021 - 03:30 PM (IST)
ਸ਼੍ਰੀਨਗਰ (ਏ.ਐੱਨ.ਆਈ.) : ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਜੰਮੂ-ਕਸ਼ਮੀਰ ’ਚ 16 ਥਾਵਾਂ ’ਤੇ ਛਾਪੇ ਮਾਰੇ। ਛਾਪਿਆਂ ਦੀ ਇਹ ਕਾਰਵਾਈ ਰਾਤ ਦੇਰ ਤੱਕ ਜਾਰੀ ਸੀ। ਕੁਲਗਾਮ, ਬਾਰਾਮੂਲਾ, ਸ਼੍ਰੀਨਗਰ ਅਤੇ ਅਨੰਤਨਾਗ ਵਿਖੇ ਵੀ ਛਾਪੇ ਮਾਰੇ ਗਏ। ਦੱਸਿਆ ਜਾਂਦਾ ਹੈ ਕਿ ‘ਵਾਇਸ ਆਫ ਹਿੰਦ’ ਰਸਾਲੇ ਨਾਲ ਜੁੜੇ ਮਾਮਲੇ ’ਚ ਇਹ ਛਾਪੇ ਪਏ। ਖਬਰਾਂ ਮੁਤਾਬਕ 20 ਰਜਿਸਟੈਂਸ ਫਰੰਟ (ਟੀ. ਆਰ. ਐੱਫ.) ਦੇ ਕਮਾਂਡਰ ਸੱਜਾਦ ਗੁਲ ਦੇ ਨਿਵਾਸ ਵਿਖੇ ਵੀ ਅਧਿਕਾਰੀਆਂ ਨੇ ਛਾਪਾ ਮਾਰਿਆ। ਉਕਤ ਰਸਾਲਾ ਜਿਸ ਦਾ ਮਕਸਦ ਨੌਜਵਾਨਾਂ ਨੂੰ ਭੜਕਾਉਣਾ ਅਤੇ ਕੱਟੜਪੰਥੀ ਬਣਾਉਣਾ ਹੈ, ਦੇ ਪ੍ਰਕਾਸ਼ਨ ਅਤੇ ਆਈ. ਈ. ਡੀ. ਦੀ ਬਰਾਮਦਗੀ ਸਬੰਧੀ ਜੰਮੂ-ਕਸ਼ਮੀਰ ’ਚ ਉਕਤ ਥਾਵਾਂ ’ਤੇ ਛਾਪਿਆਂ ਦੀ ਕਾਰਵਾਈ ਹੋਈ। ਮਾਮਲੇ ’ਚ ਏਜ਼ਾਜ਼ ਅਹਿਮਦ ਟਾਕ ਪੁੱਤਰ ਗੁਲਾਮ ਮੁਹੰਮਦ ਟਾਕ, ਮਦਾਸਿਰ ਅਹਿਮਦ ਅਹੰਗਰ ਪੁੱਤਰ ਗੁਲਾਮ ਮੋਹਿਉਦੀਨ ਅਹੰਗਰ, ਨਸੀਰ ਮੰਜੂਰ ਮੀਰ ਪੁੱਤਰ ਮੰਜੂਰ ਅਹਿਮਦ ਮੀਰ ਅਤੇ ਜੂਨੈਦ ਹੁਸੈਨ ਖਾਨ ਪੁੱਤਰ ਮੁਹੰਮਦ ਹੁਸੈਨ ਖਾਨ ਉਲ ਤੋਂ ਅਚਬਲ ਥਾਣੇ ’ਚ ਐਤਵਾਰ ਰਾਤ ਤੱਕ ਪੁੱਛਗਿੱਛ ਹੋ ਰਹੀ ਸੀ। ਕਸ਼ਮੀਰ ਵਾਦੀ ’ਚ ਇਸ ਮਹੀਨੇ ਹੋਈ ਟਾਰਗੈੱਟ ਕਿੱਲਿੰਗ ਨੂੰ ਧਿਆਨ ’ਚ ਰੱਖਦਿਆਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਹਮਲੇ ’ਚ ਸ਼ਾਮਲ ਅੱਤਵਾਦੀਆਂ ਨੂੰ ਫੜਨ ਲਈ ਪੂਰੇ ਕਸ਼ਮੀਰ ’ਚ ਕਈ ਥਾਈਂ ਛਾਪੇ ਮਾਰ ਕੇ 500 ਤੋਂ ਵੱਧ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼੍ਰੀਨਗਰ ਤੋਂ 70, ਗੰਦੇਰਬਲ ਤੋਂ 45, ਸ਼ੋਪੀਆਂ ਤੋਂ 40, ਬਲਗਾਮ ਤੋਂ 30 ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਅਨੰਤਨਾਗ ਦੇ ਬਿਜਬਹੇੜਾ ਤੋਂ ਵੀ ਕੁਝ ਨੌਜਵਾਨ ਹਿਰਾਸਤ ’ਚ ਲਏ ਗਏ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫੜੇ ਗਏ ਨੌਜਵਾਨਾਂ ’ਚ ਪੱਥਰਬਾਜ਼, ਓ. ਜੀ. ਡਬਲਿਊ. ਦੀ ਸ਼ੱਕੀ ਸੂਚੀ ’ਚ ਸ਼ਾਮਲ ਨੌਜਵਾਨ ਅਤੇ ਜਮਾਤ-ਏ-ਇਸਲਾਮੀ ਅਤੇ ਤਹਿਰੀਕ-ਏ-ਹੁਰੀਅਤ ਨਾਲ ਜੁੜੇ ਕੇਡਰ ਸ਼ਾਮਲ ਹਨ। ਕੇਂਦਰ ਤੋਂ ਭੇਜੇ ਗਏ ਆਈ. ਬੀ. ਦੇ ਚੋਟੀ ਦੇ ਅਧਿਕਾਰੀਆਂ ਨੇ ਪੂਰੇ ਹਾਲਾਤ ’ਤੇ ਤਿੱਖੀ ਨਜ਼ਰ ਰੱਖੀ ਹੋਈ ਹੈ।
ਪ੍ਰਿੰਸੀਪਲ ਅਤੇ ਅਧਿਆਪਕ ਦੀ ਹੱਤਿਆ ਦੀ ਜਾਂਚ ਕਰੇਗੀ ਐੱਨ. ਆਈ. ਏ.
ਸ਼੍ਰੀਨਗਰ ਦੇ ਈਦਗਾਹ ਇਲਾਕੇ ’ਚ ਇਕ ਸਰਕਾਰੀ ਸਕੂਲ ਦੇ ਕੰਪਲੈਕਸ ਅੰਦਰ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ’ਚ ਜਾਨ ਗੁਆਉਣ ਵਾਲੀ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਦੀ ਹੱਤਿਆ ਦੀ ਜਾਂਚ ਐੱਨ. ਆਈ. ਏ. ਵਲੋਂ ਕੀਤੀ ਜਾਏਗੀ। ਐੱਨ. ਆਈ. ਏ. ਨੇ ਸ਼੍ਰੀਨਗਰ ਵਿਚ ਚਰਚ ਮਾਰਗ ਸਥਿਤ ਆਪਣੇ ਦਫਤਰ ’ਚ ਐਤਵਾਰ ਸ਼ਾਮ ਲਗਭਗ 40 ਅਧਿਆਪਕਾਂ ਨੂੰ ਤਲਬ ਕੀਤਾ। ਇਹ ਅਧਿਆਪਕ ਸ਼ਹਿਰ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਤ ਸਨ।
ਵਾਦੀ ’ਚ ਘੱਟਗਿਣਤੀ ਲੋਕਾਂ ਦੀ ਵਧਾਈ ਗਈ ਸੁਰੱਖਿਆ
ਕਸ਼ਮੀਰ ਵਾਦੀ ਦੇ ਸਭ ਜ਼ਿਲਿਆਂ ’ਚ ਨਾਜ਼ੁਕ ਥਾਵਾਂ ’ਤੇ ਸੁਰੱਖਿਆ ਵਧਾਉਣ ਦੇ ਨਾਲ ਹੀ ਘੱਟਗਿਣਤੀ ਲੋਕਾਂ ਦੀਆਂ ਕਾਲੋਨੀਆਂ ’ਚ ਵੀ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕੀਤੇ ਹਨ। ਨਾਕਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਹਰ ਨਾਕੇ ਤੋਂ ਲੰਘਣ ਵਾਲੇ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਮੁਤਾਬਕ ਟਾਰਗੈੱਟ ਕਿੱਲਿੰਗ ਦੀਆਂ ਘਟਨਾਵਾਂ ਪਿੱਛੋਂ ਪੂਰੀ ਵਾਦੀ ’ਚ ਛਾਪੇ ਮਾਰ ਕੇ ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ।