ਅੱਤਵਾਦ ਨਾਲ ਜੁੜੇ 2 ਮਾਮਲਿਆਂ ''ਚ ਜੰਮੂ ਕਸ਼ਮੀਰ ''ਚ 15 ਥਾਵਾਂ ''ਤੇ NIA ਨੇ ਕੀਤੀ ਛਾਪੇਮਾਰੀ

Saturday, May 20, 2023 - 02:34 PM (IST)

ਅੱਤਵਾਦ ਨਾਲ ਜੁੜੇ 2 ਮਾਮਲਿਆਂ ''ਚ ਜੰਮੂ ਕਸ਼ਮੀਰ ''ਚ 15 ਥਾਵਾਂ ''ਤੇ NIA ਨੇ ਕੀਤੀ ਛਾਪੇਮਾਰੀ

ਸ਼੍ਰੀਨਗਰ (ਵਾਰਤਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦ ਨਾਲ ਜੁੜੇ 2 ਮਾਮਲਿਆਂ 'ਚ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਕਈ ਜ਼ਿਲ੍ਹਿਆਂ 'ਚ 15 ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐੱਨ.ਆਈ.ਏ. ਦੇ ਅਧਿਕਾਰੀਆਂ ਨੇ ਜੰਮੂ ਕਸ਼ਮੀਰ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦੀ ਮਦਦ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 7 ਜ਼ਿਲ੍ਹਿਆਂ 'ਚ ਤਲਾਸ਼ੀ ਲਈ। ਕਸ਼ਮੀਰ 'ਚ ਸ਼੍ਰੀਨਗਰ, ਪੁਲਵਾਮਾ, ਅਵੰਤੀਪੋਰਾ, ਅਨੰਤਨਾਗ, ਸ਼ੋਪੀਆਂ ਅਤੇ ਕੁਪਵਾੜਾ ਜ਼ਿਲ੍ਹਿਆਂ 'ਚ ਤਲਾਸ਼ੀ ਚੱਲ ਰਹੀ ਹੈ। ਜੰਮੂ ਦੇ ਪੁੰਛ ਜ਼ਿਲ੍ਹੇ 'ਚ ਸ਼ਨੀਵਾਰ ਸਵੇਰ ਤੋਂ ਹੀ ਛਾਪੇ ਮਾਰੇ ਜਾ ਰਹੇ ਹਨ। ਇਹ ਛਾਪੇ 2 ਮਾਮਲਿਆਂ 'ਚ ਮਾਰੇ ਜਾ ਰਹੇ ਹਨ, ਜਿਨ੍ਹਾਂ 'ਚੋਂ ਇਕ 2021 'ਚ ਐੱਨ.ਆਈ.ਏ. ਦੇ ਦਿੱਲੀ ਪੁਲਸ ਸਟੇਸ਼ਨ 'ਚ ਰਜਿਸਟਰਡ ਹੈ ਅਤੇ ਦੂਜਾ 2022 'ਚ ਜੰਮੂ ਸ਼ਾਖਾ 'ਚ ਰਜਿਸਟਰਡ ਹੈ।

ਅਧਿਕਾਰੀਆਂ ਨੇ ਕਿਹਾ,''2 ਮਾਮਲਿਆਂ ਆਰਸੀ 3/21/ ਐੱਨ.ਆਈ.ਏ./ਡੀ.ਐੱਲ.ਆਈ. ਅਤੇ ਆਰਸੀ 5/22/ਐੱਨ.ਆਈ.ਏ./ਜੇ.ਐੱਮ.ਯੂ. 'ਚ ਤਲਾਸ਼ੀ ਚੱਲ ਰਹੀ ਹੈ।'' ਦੋਹਾਂ 'ਚੋਂ ਇਕ ਮਾਮਲਾ ਭੌਤਿਕ ਅਤੇ ਸਾਈਬਰ ਸਪੇਸ ਦੋਹਾਂ 'ਚ ਸਾਜਿਸ਼ ਰਚਣ ਅਤੇ ਜੰਮੂ ਕਸ਼ਮੀਰ 'ਚ ਚਿਪਕਾਉਣ ਵਾਲੇ ਬੰਬਾਂ, ਆਧੁਨਿਕ ਸ਼ਕਤੀਸ਼ਾਲੀ ਵਿਸਫ਼ੋਟਕਾਂ ਅਤੇ ਹਥਿਆਰਾਂ ਨਾਲ ਹਿੰਸਕ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਵਲੋਂ ਯੋਜਨਾ ਬਣਾਏ ਜਾਣ ਨਾਲ ਸੰਬੰਧਤ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਦੌਰਾਨ, ਐੱਨ.ਆਈ.ਏ. ਨੇ ਕਸ਼ਮੀਰ ਘਾਟੀ 'ਚ ਸਰਗਰਮ ਅੱਤਵਾਦੀ ਟਿਕਾਣਿਆਂ ਅਤੇ ਉਨ੍ਹਾਂ ਦੀਆਂ ਸ਼ਾਖਾਵਾਂ ਅਤੇ ਸਹਿਯੋਗੀਆਂ ਖ਼ਿਲਾਫ਼ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ।


author

DIsha

Content Editor

Related News