ਵੱਖਵਾਦੀ ਨੇਤਾ ਮੀਰਵਾਇਜ਼ ਦੂਜੇ ਦਿਨ ਵੀ NIA ਦੇ ਸਾਹਮਣੇ ਪੇਸ਼

Tuesday, Apr 09, 2019 - 12:21 PM (IST)

ਵੱਖਵਾਦੀ ਨੇਤਾ ਮੀਰਵਾਇਜ਼ ਦੂਜੇ ਦਿਨ ਵੀ NIA ਦੇ ਸਾਹਮਣੇ ਪੇਸ਼

ਨਵੀਂ ਦਿੱਲੀ— ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫਾਰੂਖ ਜੰਮੂ-ਕਸ਼ਮੀਰ 'ਚ ਵੱਖਵਾਦੀ ਸੰਗਠਨਾਂ ਅਤੇ ਅੱਤਵਾਦੀ ਸਮੂਹਾਂ ਦੇ ਵਿੱਤ ਪੋਸ਼ਣ ਨਾਲ ਜੁੜੇ ਮਾਮਲੇ 'ਚ ਪੁੱਛ-ਗਿੱਛ ਲਈ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਇਆ। ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਮੀਰਵਾਇਜ਼ ਪੁਲਸ ਸੁਰੱਖਿਆ 'ਚ ਐੱਨ.ਆਈ.ਏ. ਹੈੱਡ ਕੁਆਰਟਰ ਪੁੱਜਿਆ। ਉਨ੍ਹਾਂ ਤੋਂ ਆਪਣੀ ਹੀ ਪਾਰਟੀ ਆਵਾਮੀ ਐਕਸ਼ਨ ਕਮੇਟੀ ਅਤੇ ਹੁਰੀਅਤ ਕਾਨਫਰੰਸ ਦੇ ਵਿੱਤ ਪੋਸ਼ਣ ਦੇ ਮਾਮਲੇ 'ਤੇ ਪੁੱਛ-ਗਿੱਛ ਕੀਤੀ ਜਾਵੇਗੀ। ਮੀਰਵਾਇਜ਼ ਹੁਰੀਅਤ ਕਾਨਫਰੰਸ ਦੇ ਪ੍ਰਧਾਨ ਹਨ ਜੋ ਪਹਿਲਾਂ ਕਸ਼ਮੀਰ ਮੁੱਦੇ ਨੂੰ ਸਥਾਈ ਹੱਲ ਲੱਭਣ ਲਈ ਰਾਜਗ ਅਤੇ ਯੂ.ਪੀ.ਏ. ਸਰਕਾਰਾਂ ਨਾਲ ਗੱਲਬਾਤ 'ਚ ਸ਼ਾਮਲ ਰਹੀ ਹੈ।
ਐੱਨ.ਆਈ.ਏ. ਨੇ ਪਾਕਿਸਤਾਨ ਸਮਰਥਕ ਵੱਖਵਾਦੀ ਸਈਅਦ ਅਲੀ ਸ਼ਾਹ ਗਿਲਾਨੀ ਦੇ ਬੇਟੇ ਨਸੀਮ ਗਿਲਾਨੀ ਨੂੰ ਵੀ ਮੰਗਲਵਾਰ ਨੂੰ ਤਲੱਬ ਕੀਤਾ ਪਰ ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਉਹ ਏਜੰਸੀ ਦੇ ਸਾਹਮਣੇ ਪੇਸ਼ ਹੋਏ ਜਾਂ ਨਹੀਂ।

ਐੱਨ.ਆਈ.ਏ. ਦੀ ਜਾਂਚ ਅੱਤਵਾਦੀ ਗਤੀਵਿਧੀਆਂ ਦੇ ਵਿੱਤ ਪੋਸ਼ਣ, ਸੁਰੱਖਿਆ ਫੋਰਸਾਂ 'ਤੇ ਪਥਰਾਅ, ਸਕੂਲ ਸਾੜਨ ਅਤੇ ਸਰਕਾਰੀ ਥਾਂਵਾਂ ਨੂੰ ਨੁਕਸਾਨ ਪਹੁੰਚਾਉਣ ਦੇ ਪਿੱਛੇ ਮੌਜੂਦ ਲੋਕਾਂ ਦੀ ਪਛਾਣ ਕਰਨ ਨੂੰ ਲੈ ਕੇ ਹੈ। ਮਾਮਲੇ 'ਚ ਹਾਫਿਜ਼ ਸਈਅਦ, ਪਾਕਿਸਤਾਨ ਸਥਿਤ ਜਮਾਤ-ਉਦ-ਦਾਵਾ ਨੂੰ ਦੋਸ਼ੀ ਬਣਾਇਆ ਗਿਆ ਹੈ। ਇਸ 'ਚ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ਼ ਦੀ ਅਗਵਾਈ ਵਾਲੇ ਹੁਰੀਅਤ ਕਾਨਫਰੰਸ ਦੇ ਧਿਰ, ਹਿਜ਼ਬੁਲ ਮੁਜਾਹੀਦੀਨ ਅਤੇ ਦੁਖਤਰਾਨ-ਏ-ਮਿਲੱਤ ਵਰਗੇ ਸੰਗਠਨਾਂ ਦੇ ਨਾਂ ਵੀ ਸ਼ਾਮਲ ਹਨ। ਐੱਨ.ਆਈ.ਏ. ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੁਰੀਅਤ ਕਾਨਫਰੰਸ ਮੁਖੀ ਨੇ ਟਵੀਟ ਕੀਤਾ,''ਆਪਣੇ ਸਹਿਯੋਗੀਆਂ ਨਾਲ ਅੱਜ ਦਿੱਲੀ 'ਚ ਐੱਨ.ਆਈ.ਏ. ਦੇ ਸੰਮਨ ਲਈ। ਨੇਤਾਵਾਂ ਨੂੰ ਉਨ੍ਹਾਂ ਦੇ ਸਿਆਸੀ ਰੁਖ ਲਈ ਬਦਨਾਮ ਕਰਨ ਦੀ ਕੋਸ਼ਿਸ਼ ਕੰਮ ਨਹੀਂ ਕਰੇਗੀ। ਹੁਰੀਅਤ ਦੇ ਉਤਪੀੜਨ ਦੇ ਬਾਵਜੂਦ ਕਸ਼ਮੀਰ ਮੁੱਦੇ ਦਾ ਸ਼ਾਂਤੀਪੂਰਨ ਹੱਲ ਮੰਗਦੇ ਰਹਾਂਗੇ। ਲੋਕਾਂ ਨੂੰ ਅਪੀਲ ਹੈ ਕਿ ਘਰ ਜਾ ਕੇ ਸ਼ਾਂਤੀ ਬਣਾਈ ਰੱਖਣ।'' ਐੱਨ.ਆਈ.ਏ. ਨੇ 26 ਫਰਵਰੀ ਨੂੰ ਮੀਰਵਾਇਜ਼ ਸਮੇਤ ਕਈ ਨੇਤਾਵਾਂ ਦੇ ਕੈਂਪਾਂ 'ਤੇ ਛਾਪੇ ਮਾਰੇ ਸਨ।


author

DIsha

Content Editor

Related News