NIA ਦੀ ਚਾਰਜਸ਼ੀਟ ''ਚ ਦਾਅਵਾ : ਦਵਿੰਦਰ ਸਿੰਘ ਰਾਹੀਂ ਭਾਰਤ ਦੀ ਖੁਫੀਆ ਜਾਣਕਾਰੀ ਕੱਢਵਾ ਰਿਹਾ ਸੀ ਪਾਕਿਸਤਾਨ

08/22/2020 3:59:39 PM

ਨਵੀਂ ਦਿੱਲੀ- ਐੱਨ.ਆਈ.ਏ. ਦੀ ਚਾਰਜਸ਼ੀਟ ਤੋਂ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ ਦੇ ਬਰਖ਼ਾਸਤ ਡੀ.ਐੱਸ.ਪੀ. ਦਵਿੰਦਰ ਸਿੰਘ ਨੇ ਕਸ਼ਮੀਰ 'ਚ ਅੱਤਵਾਦ ਫੈਲਾਉਣ 'ਚ ਪਾਕਿਸਤਾਨ ਦੀ ਮਦਦ ਕੀਤੀ, ਉਸ ਨੂੰ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਦੀ ਖਬਰ ਦਿੱਤੀ ਅਤੇ ਇੱਥੋਂ ਤੱਕ ਕਿ ਜੰਮੂ-ਕਸ਼ਮੀਰ ਦੇ ਗੈਸਟ ਹਾਊਸ 'ਚ ਹੀ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਦੇ ਰੁਕਣ ਦਾ ਇੰਤਜ਼ਾਮ ਵੀ ਕੀਤਾ। ਪਿਛਲੇ ਮਹੀਨੇ ਦਵਿੰਦਰ ਸਿੰਘ ਨੂੰ ਬਰਖ਼ਾਸਤ ਕਰਨ ਤੋਂ ਪਹਿਲਾਂ ਐੱਨ.ਆਈ.ਏ. ਦੀ ਦਾਖ਼ਲ ਕੀਤੀ ਗਈ ਚਾਰਜਸ਼ੀਟ ਅਨੁਸਾਰ ਦਵਿੰਦਰ ਸਿੰਘ ਹਿਜ਼ਬੁਲ ਮੁਜਾਹੀਦੀਨ ਤੋਂ ਇਲਾਵਾ ਮੈਸੇਜਿੰਗ ਪਲੇਟਫਰਾਮ ਰਾਹੀਂ ਨਵੀਂ ਦਿੱਲੀ 'ਚ ਮੌਜੂਦ ਪਾਕਿਸਤਾਨ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਸ਼ਫਾਕਤ ਜਤੋਈ ਉਰਫ਼ ਹੁਸੈਨ ਦੇ ਸੰਪਰਕ 'ਚ ਸੀ।

ਦਵਿੰਦਰ ਸਿੰਘ ਨੂੰ ਇਸ ਸਾਲ 11 ਜਨਵਰੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਹਿਜ਼ਬੁਲ ਮੁਜਾਹੀਦੀਨ ਦੇ ਕਮਾਂਡਰ ਸਈਅਦ ਨਾਵੇਦ ਮੁਸ਼ਤਾਕ ਉਰਫ਼ ਨਾਵੇਦ ਬਾਬੂ, ਇਕ ਵਕੀਲ, ਇਰਫ਼ਾਨ ਸ਼ਫੀ ਮੀਰ ਅਤੇ ਇਕ ਹੋਰ ਅੱਤਵਾਦੀ, ਰਫ਼ੀ ਅਹਿਮਦ ਰਾਥਰ ਨੂੰ ਆਪਣੀ ਗੱਡੀ 'ਤੇ ਸ਼ੋਪੀਆਂ ਤੋਂ ਜੰਮੂ ਲਿਆ ਰਹੇ ਸਨ। ਐੱਨ.ਆਈ.ਏ. ਨੇ ਕਿਹਾ ਹੈ ਕਿ ਦਵਿੰਦਰ ਸਿੰਘ ਵਰਗੇ ਲੋਕਾਂ ਨੇ ਹਿਜ਼ਬੁਲ ਦੇ ਕਸ਼ਮੀਰ 'ਚ ਸਭ ਤੋਂ ਸਰਗਰਮ ਅੱਤਵਾਦੀ ਸੰਗਠਨ ਰਹਿਣ 'ਚ ਭੂਮਿਕਾ ਨਿਭਾਈ ਹੈ। ਜੰਮੂ ਦੀ ਇਕ ਵਿਸ਼ੇਸ਼ ਕੋਰਟ 'ਚ 6 ਜੁਲਾਈ ਨੂੰ ਦਾਇਰ ਚਾਰਜਸ਼ੀਟ 'ਚ ਦਾਅਵਾ ਕੀਤਾ ਗਿਆ ਹੈ ਕਿ ਦਵਿੰਦਰ ਸਿੰਘ ਨੇ ਫਰਵਰੀ 2019 'ਚ ਇਕ ਹੋਰ ਹਿਜ਼ਬੁਲ ਅੱਤਵਾਦੀ ਨਾਲ ਨਾਵੇਦ ਬਾਬੂ ਨੂੰ ਸ਼ੋਪੀਆਂ ਤੋਂ ਜੰਮੂ ਅਤੇ ਬਾਅਦ 'ਚ ਉਸੇ ਸਾਲ ਅਪ੍ਰੈਲ 'ਚ ਸ਼ੋਪੀਆਂ ਵਾਪਸ ਭੇਜ ਦਿੱਤਾ ਸੀ।


DIsha

Content Editor

Related News