ਸਾਬਕਾ DSP ਦਵਿੰਦਰ ਸਿੰਘ ਮਾਮਲੇ ''ਚ ਆਇਆ ਨਵਾਂ ਮੋੜ, NIA ਨੇ ਦਾਖਲ ਕੀਤੀ ਚਾਰਜਸ਼ੀਟ

Monday, Jul 06, 2020 - 05:04 PM (IST)

ਸਾਬਕਾ DSP ਦਵਿੰਦਰ ਸਿੰਘ ਮਾਮਲੇ ''ਚ ਆਇਆ ਨਵਾਂ ਮੋੜ, NIA ਨੇ ਦਾਖਲ ਕੀਤੀ ਚਾਰਜਸ਼ੀਟ

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਜੰਮੂ ਕਸ਼ਮੀਰ ਦੇ ਸਾਬਕਾ ਡੀ.ਸੀ.ਪੀ. ਦਵਿੰਦਰ ਸਿੰਘ ਵਿਰੁੱਧ ਇਕ ਅੱਤਵਾਦੀ ਮਾਮਲੇ 'ਚ ਚਾਰਜਸ਼ੀਟ ਦਾਖਲ ਕੀਤੀ ਹੈ। ਐੱਨ.ਆਈ.ਏ. ਨੇ ਚਾਰਜਸ਼ੀਟ 'ਚ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਸਈਅਦ ਨਾਵੇਦ ਸਮੇਤ 6 ਹੋਰ ਲੋਕਾਂ ਦੇ ਨਾਂ ਸ਼ਾਮਲ ਕੀਤੇ ਹਨ।

ਦੱਸਣਯੋਗ ਹੈ ਕਿ ਦਿੱਲੀ ਦੀ ਇਕ ਅਦਾਲਤ ਨੇ 19 ਜੂਨ ਨੂੰ ਜੰਮੂ-ਕਸ਼ਮੀਰ ਦੇ ਮੁਅੱਤਲ ਡੀ.ਐੱਸ.ਪੀ. ਦਵਿੰਦਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਸੀ। ਸਿੰਘ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਹਿਜ਼ਬੁਲ ਮੁਜਾਹੀਦੀਨ ਦੇ 2 ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਡੀ.ਸੀ.ਪੀ. ਦੇ ਵਕੀਲ ਐੱਮ.ਐੱਸ. ਖਾਨ ਨੇ ਕਿਹਾ ਸੀ ਕਿ ਕੋਰਟ ਨੇ ਸਿੰਘ ਅਤੇ ਮਾਮਲੇ ਦੇ ਇਕ ਹੋਰ ਦੋਸ਼ੀ ਇਰਫਾਨ ਸ਼ਫੀ ਮੀਰ ਨੂੰ ਜ਼ਮਾਨਤ ਦੇ ਦਿੱਤੀ। ਦੋਹਾਂ ਨੂੰ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਵਲੋਂ ਦਾਇਰ ਇਕ ਮਾਮਲੇ 'ਚ ਕੋਰਟ ਨੇ ਰਾਹਤ ਦਿੱਤੀ ਸੀ। ਖਾਨ ਅਨੁਸਾਰ ਕਾਨੂੰਨ ਦੇ ਅਨੁਸਾਰ ਜਾਂਚ ਏਜੰਸੀ (ਐੱਨ.ਆਈ.ਏ.) ਗ੍ਰਿਫਤਾਰੀ ਤੋਂ 90 ਦਿਨਾਂ ਅੰਦਰ ਦੋਸ਼ ਪੱਤਰ ਦਾਇਰ ਕਰਨ 'ਚ ਅਸਫ਼ਲ ਰਹੀ। ਉਨ੍ਹਾਂ ਨੂੰ ਇਕ ਲੱਖ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਾਸ਼ੀ ਦੇ 2 ਮੁਚਲਕਿਆਂ 'ਤੇ ਇਹ ਰਾਹਤ ਦਿੱਤੀ ਗਈ ਸੀ।

ਇਹ ਹੈ ਪੂਰਾ ਮਾਮਲਾ 
ਦੱਖਣ ਕਸ਼ਮੀਰ 'ਚ 2 ਅੱਤਵਾਦੀਆਂ ਨੂੰ ਨਾਲ ਲਿਜਾਂਦੇ ਸਮੇਂ ਦਵਿੰਦਰ ਸਿੰਘ ਨੂੰ 11 ਜਨਵਰੀ ਨੂੰ ਫੜਿਆ ਗਿਆ ਸੀ। ਐੱਨ.ਆਈ.ਏ. ਨੇ 18 ਜਨਵਰੀ ਨੂੰ ਅੱਤਵਾਦੀ ਮਾਮਲੇ ਦੀ ਜਾਂਚ ਆਪਣੇ ਹੱਥਾਂ 'ਚ ਲੈ ਲਈ। ਦਵਿੰਦਰ ਸਿੰਘ ਤੋਂ ਇਲਾਵਾ 2 ਹੋਰ ਅੱਤਵਾਦੀ ਹਿਜ਼ਬੁਲ ਮੁਜਾਹੀਦੀਨ ਦੇ ਕਮਾਂਡਰ ਨਵੀਦ ਮੁਸ਼ਤਾਕ ਅਹਿਮਦ ਉਰਫ਼ ਨਵੀਦ ਬਾਬੂ ਅਤੇ ਰਫ਼ੀ ਅਹਿਮ ਰਾਠੇਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਖੁਦ ਨੂੰ ਵਕੀਲ ਦੱਸਣ ਵਾਲੇ ਇਰਫ਼ਾਨ ਸ਼ਫੀ ਮੀਰ ਨੂੰ ਵੀ ਫੜਿਆ ਗਿਆ ਸੀ। ਦੱਸਣਯੋਗ ਹੈ ਕਿ 23 ਜਨਵਰੀ ਨੂੰ ਨਵੀਦ ਦੇ ਭਰਾ ਸਈਅਦ ਇਰਫ਼ਾਨ ਅਹਿਮਦ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। 9 ਜੂਨ ਨੂੰ ਦਵਿੰਦਰ ਸਿੰਘ ਨੇ ਜ਼ਮਾਨਤ ਲਈ ਦਿੱਲੀ ਦੀ ਇਕ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। 19 ਜੂਨ ਨੂੰ ਕੋਰਟ ਨੇ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਸੀ।


author

DIsha

Content Editor

Related News