NIA ਨੇ ਅੱਤਵਾਦੀ ਫੰਡਿੰਗ ਮਾਮਲਿਆਂ ''ਚ ਜੰਮੂ ਅਤੇ ਡੋਡਾ ''ਚ ਮਾਰੇ ਛਾਪੇ

Monday, Aug 08, 2022 - 02:06 PM (IST)

NIA ਨੇ ਅੱਤਵਾਦੀ ਫੰਡਿੰਗ ਮਾਮਲਿਆਂ ''ਚ ਜੰਮੂ ਅਤੇ ਡੋਡਾ ''ਚ ਮਾਰੇ ਛਾਪੇ

ਜੰਮੂ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦ ਦੇ ਵਿੱਤ ਪੋਸ਼ਣ ਮਾਮਲੇ 'ਚ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ (ਜੇ.ਈ.ਆਈ.) ਦੇ ਮੈਂਬਰਾਂ ਖ਼ਿਲਾਫ਼ ਜੰਮੂ ਅਤੇ ਡੋਡਾ ਜ਼ਿਲ੍ਹੇ 'ਚ ਕਈ ਥਾਂਵਾਂ 'ਤੇ ਸੋਮਵਾਰ ਨੂੰ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਹਾਂ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ 'ਚ ਜਮਾਤ-ਏ-ਇਸਲਾਮੀ ਦੇ ਅਹੁਦਾ ਅਧਿਕਾਰੀਆਂ ਅਤੇ ਮੈਂਬਰਾਂ ਦੇ ਕਰੀਬ 10 ਤੋਂ ਵੱਧ ਟਿਕਾਣਿਆਂ 'ਤੇ ਇਕ ਹੀ ਸਮੇਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਛਾਪੇਮਾਰੀ ਸੋਮਵਾਰ ਤੜਕੇ ਸ਼ੁਰੂ ਕੀਤੀ ਗਈ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਡੋਡਾ ਜ਼ਿਲ੍ਹੇ 'ਚ ਧਾਰਾ-ਗੁੰਡਾਨਾ, ਮੁੰਸ਼ੀ ਮੁਹੱਲਾ, ਅਕਰਮਬੰਦ, ਨਗਰੀ ਨਵੀਂ ਬਸਤੀ, ਖਰੋਤੀ ਭਗਵਾਹ, ਥਲੇਲਾ ਅਤੇ ਮਾਲੋਤੀ ਭੱਲਾ ਅਤੇ ਜੰਮੂ ਦੇ ਭਟਿੰਡੀ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਤਵਾਦ ਦੇ ਵਿੱਤ ਪੋਸ਼ਣ ਦੇ ਮਾਮਲੇ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। 

ਐੱਨ.ਆਈ.ਏ. ਵਲੋਂ 5 ਫਰਵਰੀ 2021 ਨੂੰ ਖ਼ੁਦ ਨੋਟਿਸ ਲੈ ਕੇ ਦਰਜ ਕੀਤਾ ਗਿਆ ਇਹ ਮਾਮਲਾ ਕੁਝ ਜੇ.ਈ.ਆਈ. ਮੈਂਬਰਾਂ ਦੀਆਂ ਗਤੀਵਿਧੀਆਂ ਨਾਲ ਸੰਬੰਧਤ ਹੈ, ਜੋ ਦੇਸ਼-ਵਿਦੇਸ਼ ਤੋਂ ਦਾਨ ਅਤੇ ਹੋਰ ਕਲਿਆਣਕਾਰੀ ਕੰਮਾਂ ਲਈ ਚੰਦਾ ਇਕੱਠਾ ਕਰ ਰਹੇ ਸਨ ਪਰ ਕਥਿਤ ਤੌਰ 'ਤੇ ਇਸ ਧਨ ਦਾ ਇਸਤੇਮਾਲ 'ਹਿੰਸਕ ਅਤੇ ਵੱਖਵਾਦੀ ਗਤੀਵਿਧੀਆਂ' ਲਈ ਕੀਤਾ ਜਾ ਰਿਹਾ ਸੀ। ਐੱਨ.ਆਈ.ਏ. ਅਨੁਸਾਰ, ਸੰਗਠਨ ਵਲੋਂ ਜੁਟਾਈ ਜਾ ਰਹੀ ਧਨਰਾਸ਼ੀ ਜਮਾਤ-ਏ-ਇਸਲਾਮੀ ਦੇ ਨੈੱਟਵਰਕ ਦੇ ਮਾਧਿਅਮ ਨਾਲ ਹਿਜ਼ਬੁਲ ਮੁਜਾਹੀਦੀਨ ਅਤੇ ਲਸ਼ਕਰ-ਏ-ਤੋਇਬਾ ਵਰਗੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨੂੰ ਵੀ ਪਹੁੰਚਾਈ ਜਾ ਰਹੀ ਸੀ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਅੱਤਵਾਦੀ ਸੰਗਠਨਾਂ ਨਾਲ ਸੰਬੰਧਾਂ ਅਤੇ ਜੰਮੂ ਕਸ਼ਮੀਰ 'ਚ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਦਾ ਹਵਾਲਾ ਦਿੰਦੇ ਹੋਏ ਫਰਵਰੀ 2019 'ਚ ਜੇ.ਈ.ਆਈ. 'ਤੇ 5 ਸਾਲ ਦੀ ਪਾਬੰਦੀ ਲਗਾ ਦਿੱਤੀ ਸੀ।


author

DIsha

Content Editor

Related News