NIA ਨੇ ਛੋਟਾ ਸ਼ਕੀਲ ਦੇ 2 ਸਹਿਯੋਗੀਆਂ ਨੂੰ ਕੀਤਾ ਗ੍ਰਿਫ਼ਤਾਰ

Friday, May 13, 2022 - 11:49 AM (IST)

NIA ਨੇ ਛੋਟਾ ਸ਼ਕੀਲ ਦੇ 2 ਸਹਿਯੋਗੀਆਂ ਨੂੰ ਕੀਤਾ ਗ੍ਰਿਫ਼ਤਾਰ

ਮੁੰਬਈ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਭਗੌੜੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਵਲੋਂ ਕੰਟਰੋਲ ਅਪਰਾਧ ਸਿੰਡੀਕੇਟ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਵਿੱਤੀ ਲੈਣ-ਦੇਣ ਨੂੰ ਸੰਭਾਲਣ ਦੇ ਦੋਸ਼ 'ਚ ਸ਼ਹਿਰ ਦੇ ਪੱਛਮੀ ਉਪਨਗਰ ਤੋਂ ਗੈਂਗਸਟਰ ਛੋਟਾ ਸ਼ਕੀਲ ਦੇ 2 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀਆਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਪਛਾਣ ਆਰਿਫ਼ ਅਬੁਬਕਰ ਸ਼ੇਖ (59) ਅਤੇ ਸ਼ਬੀਰ ਅਬੁਬਕਰ ਸ਼ੇਖ (51) ਦੇ ਰੂਪ 'ਚ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ,''ਦੋਹਾਂ ਨੂੰ ਦਾਊਦ ਇਬਰਾਹਿਮ ਦੇ ਸਿੰਡੀਕੇਟ ਖ਼ਿਲਾਫ਼ ਮਾਮਲਿਆਂ ਦੀ ਜਾਂਚ ਕਰ ਰਹੇ ਐੱਨ.ਆਈ.ਏ. ਦੇ ਇਕ ਦਲ ਨੇ ਪੱਛਮੀ ਉਪਨਗਰ ਤੋਂ ਗ੍ਰਿਫ਼ਤਰ ਕੀਤਾ।''

ਇਹ ਵੀ ਪੜ੍ਹੋ : ਪਾਉਂਟਾ ਸਾਹਿਬ ’ਚ ਮਾਈਨਿੰਗ ਇੰਸਪੈਕਟਰ ਅਗਵਾ, ਢਾਈ ਘੰਟੇ ਬਾਅਦ ਪੁਲਸ ਨੇ ਛੁਡਾਇਆ

ਉਨ੍ਹਾਂ ਦੱਸਿਆ ਕਿ ਦੋਹਾਂ ਦੋਸ਼ੀਆਂ ਦੇ ਛੋਟਾ ਸ਼ਕੀਲ ਨਾਲ ਨਜ਼ਦੀਕੀ ਸੰਬੰਧ ਹਨ। ਸੂਤਰਾਂ ਨੇ ਦੱਸਿਆ ਕਿ ਮੁੰਬਈ ਅਤੇ ਠਾਣੇ 'ਚ ਵੱਖ-ਵੱਖ ਥਾਂਵਾਂ 'ਤੇ ਹਾਲ 'ਚ ਕੀਤੀ ਗਈ ਛਾਪੇਮਾਰੀ 'ਚ ਐੱਨ.ਆਈ.ਏ. ਨੇ ਜਾਂਚ ਲਈ ਕਈ ਸ਼ੱਕੀਆਂ ਦਾ ਪਤਾ ਲਗਾਇਆ ਸੀ। ਆਰਿਫ਼ ਅਤੇ ਸ਼ਬੀਰ ਵੀ ਉਨ੍ਹਾਂ ਸ਼ੱਕੀਆਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਡੀ ਕੰਪਨੀ (ਦਾਊਬ ਇਬਰਾਹਿ ਦੇ ਅਪਰਾਧ ਸਿੰਡੀਕੇਟ) ਨਾਲ ਉਨ੍ਹਾਂ ਦੇ ਸੰਬੰਧਾਂ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐੱਨ.ਆਈ.ਏ. ਦਲ ਨੇ ਉਨ੍ਹਾਂ ਤੋਂ ਪੁੱਛ-ਗਿੱਛ ਦੌਰਾਨ ਪਾਇਆ ਕਿ ਆਰਿਫ਼ ਅਤੇ ਸ਼ਬੀਰ ਨੇ ਛੋਟਾ ਸ਼ਕੀਲ ਨਾਲ ਕੁਝ ਲੈਣ-ਦੇਣ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਛੋਟਾ ਸ਼ਕੀਲ ਪਾਕਿਸਤਾਨ ਤੋਂ ਇਕ ਕੌਮਾਂਤਰੀ ਅਪਰਾਧਕ ਸਿੰਡੀਕੇਟ ਚਲਾਉਂਦਾ ਹੈ ਅਤੇ ਇੰਟਰਪੋਲ ਨੇ ਉਸ ਦੇ ਖ਼ਿਲਾਫ਼ 'ਰੈੱਡ ਕਾਰਨਰ' ਨੋਟਿਸ ਜਾਰੀ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਕੀਲ ਜ਼ਬਰਨ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਦਿਨ 'ਚ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News