ਗੁਜਰਾਤ 27 ਮਾਰਚ ਤੋਂ ਕਰੇਗਾ ਜੀ-20 ਗਰੁੱਪ ਦੇ ਅਗਲੇ ਦੌਰ ਦੀ ਮੇਜ਼ਬਾਨੀ

03/22/2023 5:54:09 PM

ਗਾਂਧੀਨਗਰ (ਭਾਸ਼ਾ)- ਗੁਜਰਾਤ 27 ਮਾਰਚ ਤੋਂ 4 ਅਪ੍ਰੈਲ ਤੱਕ ਜੀ-20 ਗਰੁੱਪ ਦੀ ਅਗਲੇ ਦੌਰ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ। ਇਕ ਅਧਿਕਾਰੀ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੁੱਦਿਆਂ ’ਤੇ ਗੁਜਰਾਤ ’ਚ ਤਿੰਨ ਬੈਠਕਾਂ ਹੋਣਗੀਆਂ, ਜਿਸ ’ਚ ਜੀ-20 ਗਰੁੱਪ ਦੇ ਮੈਂਬਰ ਦੇਸ਼ਾਂ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਭਾਰਤ ਇਸ ਸਾਲ ਜੀ-20 ਗਰੁੱਪ ਦੀ ਪ੍ਰਧਾਨਗੀ ਕਰ ਰਿਹਾ ਹੈ। ਇਸ ਸਮੂਹ 'ਚ ਵੱਖ-ਵੱਖ ਮਹਾਦੀਪਾਂ ਦੇ 19 ਦੇਸ਼ਾਂ ਤੋਂ ਇਲਾਵਾ ਯੂਰਪੀ ਸੰਘ (ਈਯੂ) ਸ਼ਾਮਲ ਹਨ। ਗੁਜਰਾਤ 'ਚ ਜੀ-20 ਨਾਲ ਜੁੜੇ ਆਯੋਜਨਾਂ ਦਾ ਤਾਲਮੇਲ ਕਰ ਰਹੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਬੈਠਕਾਂ 'ਚੋਂ 'ਵਾਤਾਵਰਣ ਅਤੇ ਜਲਵਾਯੂ ਸਥਿਰਤਾ ਕਾਰਜ ਸਮੂਹ (ਈ.ਸੀ.ਐੱਸ.ਡਬਲਿਊ.ਜੀ.)' ਦੀ ਪਹਿਲੀ ਬੈਠਕ 27 ਤੋਂ 29 ਮਾਰਚ ਦਰਮਿਆਨ ਗਾਂਧੀਨਗਰ 'ਚ ਆਯੋਜਿਤ ਕੀਤੀ ਜਾਵੇਗੀ।

ਪਹਿਲੇ ਦਿਨ ਪਾਣੀ ਦੇ ਸੋਮਿਆਂ ਨਾਲ ਸਬੰਧਤ ਵਧੀਆ ਅਭਿਆਸ ਅਤੇ ਹੋਰ ਸਬੰਧਤ ਵਿਸ਼ਿਆਂ ’ਤੇ ਚਰਚਾ ਹੋਵੇਗੀ। ਉਸ ਤੋਂ ਬਾਅਦ ਮਹਿਮਾਨਾਂ ਨੂੰ ਸਾਬਰਮਤੀ ਨਦੀ ’ਤੇ ਸਥਿਤ ਨਰਮਦਾ ਨਹਿਰ, ਮਸ਼ਹੂਰ ਅਡਾਲਜ ਸਟੈਪਵੈਲ ਅਤੇ ਸਾਬਰਮਤੀ ਰਿਵਰਫਰੰਟ ’ਤੇ ਲਿਜਾਇਆ ਜਾਵੇਗਾ। ਇਸ ਤੋਂ ਪਹਿਲਾਂ ਗੁਜਰਾਤ ਨੇ ਜਨਵਰੀ ਅਤੇ ਫਰਵਰੀ 'ਚ ਜੀ 20 ਨਾਲ ਜੁੜੀਆਂ ਵੱਖ-ਵੱਖ ਬੈਠਕਾਂ ਦੀ ਮੇਜ਼ਬਾਨੀ ਕੀਤੀ ਸੀ, ਜਿਨ੍ਹਾਂ 'ਚ ਸੈਰ-ਸਪਾਟਾ ਵਿਸ਼ੇ 'ਤੇ ਵੀ ਇਕ ਬੈਠਕ ਕੀਤੀ ਗਈ ਸੀ।


DIsha

Content Editor

Related News