ਨਵਵਿਆਹੁਤਾ ਦੀ ਭੇਦਭਰੀ ਹਾਲਤ ''ਚ ਮੌਤ, ਸਹੁਰਾ ਪਰਿਵਾਰ ''ਤੇ ਲੱਗੇ ਗੰਭੀਰ ਦੋਸ਼
Saturday, May 30, 2026 - 05:09 PM (IST)
ਝਾਰਖੰਡ- ਕੋਡਰਮਾ ਜ਼ਿਲ੍ਹੇ ਦੇ ਡੋਮਚਾਂਚ ਥਾਣਾ ਖੇਤਰ ਦੇ ਪਿੰਡ ਬਗੜੋ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਨਵਵਿਆਹੁਤਾ ਦੀ ਉਸਦੇ ਸਹੁਰੇ ਘਰ ਵਿੱਚ ਸ਼ੱਕੀ ਹਾਲਤ ਵਿੱਚ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮ੍ਰਿਤਕਾ ਦੀ ਪਛਾਣ 22 ਸਾਲਾ ਕਾਜਲ ਖਾਤੂਨ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕਾਜਲ ਦਾ ਨਿਕਾਹ ਮਹਿਜ਼ ਦੋ ਮਹੀਨੇ ਪਹਿਲਾਂ ਹੀ ਆਯਾਨ ਅੰਸਾਰੀ ਨਾਲ ਹੋਇਆ ਸੀ। ਸ਼ੁੱਕਰਵਾਰ ਸਵੇਰੇ ਕਾਜਲ ਦੇ ਪਤੀ ਨੇ ਉਸਦੇ ਮਾਪਿਆਂ ਨੂੰ ਫ਼ੋਨ ਕਰਕੇ ਸੂਚਨਾ ਦਿੱਤੀ ਕਿ ਕਾਜਲ ਦੀ ਸਿਹਤ ਬਹੁਤ ਖ਼ਰਾਬ ਹੈ ਅਤੇ ਉਹ ਜਲਦੀ ਪਹੁੰਚਣ। ਜਦੋਂ ਪਰਿਵਾਰਕ ਮੈਂਬਰ ਤੁਰੰਤ ਮੌਕੇ 'ਤੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਕਾਜਲ ਦੀ ਲਾਸ਼ ਕਮਰੇ ਵਿੱਚ ਬਿਸਤਰੇ 'ਤੇ ਪਈ ਸੀ।
ਘਟਨਾ ਤੋਂ ਬਾਅਦ ਕਾਜਲ ਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਘਰੋਂ ਫਰਾਰ ਦੱਸੇ ਜਾ ਰਹੇ ਹਨ। ਮ੍ਰਿਤਕਾ ਦੇ ਮਾਪਿਆਂ ਨੇ ਸਹੁਰੇ ਪੱਖ 'ਤੇ ਕਤਲ ਦਾ ਦੋਸ਼ ਲਗਾਉਂਦਿਆਂ ਭਾਰੀ ਹੰਗਾਮਾ ਕੀਤਾ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਡੋਮਚਾਂਚ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੋਡਰਮਾ ਦੇ ਐੱਸ.ਡੀ.ਪੀ.ਓ. ਪ੍ਰਮੋਦ ਕੇਸ਼ਰੀ ਵੀ ਘਟਨਾ ਸਥਾਨ 'ਤੇ ਪਹੁੰਚੇ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦੇ ਕੇ ਸ਼ਾਂਤ ਕਰਵਾਇਆ। ਐੱਸ.ਡੀ.ਪੀ.ਓ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ।
