ਸਿਗਰੇਟਨੋਸ਼ੀ ਤੇ ਸ਼ਰਾਬ ਨਾਲ ਨਵਜਾਤ ਬੱਚੇ ਨੂੰ ਹੋ ਸਕਦੈ ਨੁਕਸਾਨ

Sunday, Feb 10, 2019 - 06:23 PM (IST)

ਸਿਗਰੇਟਨੋਸ਼ੀ ਤੇ ਸ਼ਰਾਬ ਨਾਲ ਨਵਜਾਤ ਬੱਚੇ ਨੂੰ ਹੋ ਸਕਦੈ ਨੁਕਸਾਨ

ਨਵੀਂ ਦਿੱਲੀ(ਭਾਸ਼ਾ)— ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ਦੇ ਨਵੇਂ ਅਧਿਐਨ ਮੁਤਾਬਕ ਗਰਭ ਅਵਸਥਾ ਦੇ ਸ਼ੁਰੂਆਤੀ ਕੁੱਝ ਹਫ਼ਤਿਆਂ 'ਚ ਸਿਗਰੇਟਨੋਸ਼ੀ, ਸ਼ਰਾਬ ਪੀਣ, ਚੁੱਲ੍ਹੇ ਤੋਂ ਨਿਕਲਣ ਵਾਲੇ ਧੁਏਂ ਵਿਚ ਸਾਹ ਲੈਣਾ ਜਾਂ ਅਸਿੱਧੇ ਤੰਬਾਕੂਨੋਸ਼ੀ, ਜ਼ਿਆਦਾ ਦਵਾਈਆਂ ਲੈਣ ਅਤੇ ਰੈਡੀਏਸ਼ਨ ਦੀ ਲਪੇਟ 'ਚ ਆਉਣ ਅਤੇ ਪੋਸ਼ਣ ਸਬੰਧੀ ਖਾਮੀਆਂ ਹੋਣ ਨਾਲ ਨਵਜਾਤ ਬੱਚੇ ਦੇ ਚਿਹਰੇ 'ਚ ਜਮਾਂਦਰੂ ਵਿਕਾਰ ਹੋ ਸਕਦੇ ਹਨ।

ਅਧਿਐਨ ਮੁਤਾਬਕ, ਇਨ੍ਹਾਂ ਦੇ ਕਾਰਨ ਬੁਲ੍ਹ ਕਟੇ ਹੋ ਸੱਕਦੇ ਹਨ ਜਾਂ ਤਾਲੂ 'ਚ ਕੋਈ ਵਿਕਾਰ ਹੋ ਸਕਦਾ ਹੈ। ਕੱਟੇ ਹੋਏ ਬੁੱਲਾਂ ਨਾਲ ਬੱਚੇ ਨੂੰ ਬੋਲਣ ਅਤੇ ਖਾਣਾ ਖਾਣ 'ਚ ਮੁਸ਼ਕਿਲ ਆਉਂਦੀ ਹੈ। ਇਸ ਨਾਲ ਦੰਦ ਵੀ ਬੇਤਰਤੀਬੇ ਹੋ ਜਾਂਦੇ ਹਨ, ਜਬਾੜੇ ਨਾਲ ਉਨ੍ਹਾਂ ਦਾ ਤਾਲਮੇਲ ਬਿਠਾਉਣ 'ਚ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਚਿਹਰੇ ਦਾ ਮੁਹਾਂਦਰਾ ਵਿਗੜਿਆ ਨਜ਼ਰ ਆਉਂਦਾ ਹੈ। ਏਮਸ ਦੇ ਸੈਂਟਰ ਫਾਰ ਡੈਂਟਲ ਐਜ਼ੂਕੇਸ਼ਨ ਐਂਡ ਰਿਸਰਚ (ਸੀ. ਡੀ. ਈ. ਆਰ.) ਨੇ 2010 'ਚ ਇਸ ਅਧਿਐਨ ਦੀ ਸ਼ੁਰੂਆਤ ਕੀਤੀ ਜਿਸ ਨੂੰ ਤਿੰਨ ਪੜਾਵਾਂ- ਪ੍ਰੀ ਪਾਇਲਟ, ਪਾਇਲਟ ਅਤੇ ਮਲਟੀ ਸੈਂਟਰਿਕ 'ਚ ਪੂਰਾ ਕੀਤਾ ਜਾ ਰਿਹਾ ਹੈ। ਅਜੇ ਨਵੀਂ ਦਿੱਲੀ, ਹੈਦਰਾਬਾਦ, ਲਖਨਊ ਅਤੇ ਗੁਹਾਟੀ 'ਚ ਮਲਟੀ ਸੈਂਟਰਿਕ ਪੜਾਅ ਚੱਲ ਰਿਹਾ ਹੈ। ਪਾਇਲਟ ਪੜਾਅ 'ਚ ਦਿੱਲੀ ਦੇ ਏਮਸ, ਸਫਦਰਜੰਗ ਹਸਪਤਾਲ ਅਤੇ ਗੁੜਗਾਂਵ ਦੇ ਮੇਦਾਂਤਾ ਮੈਡੀਸਿਟੀ 'ਚ ਇਹ ਅਧਿਐਨ ਹੋਇਆ। ਇਸ ਪ੍ਰਾਜੈਕਟ ਦੇ ਪ੍ਰਮੁੱਖ ਖੋਜਕਾਰ ਅਤੇ ਸੀ. ਡੀ. ਈ. ਆਰ. ਦੇ ਪ੍ਰਮੁੱਖ ਓ. ਪੀ. ਖਰਬੰਦਾ ਨੇ ਕਿਹਾ, ''ਇਸ ਤੋਂ ਖੁਲਾਸਾ ਹੋਇਆ ਕਿ ਇਸ ਵਿਕਾਰ ਨਾਲ ਜੂਝ ਰਹੇ ਮਰੀਜਾਂ ਨੂੰ ਇਲਾਜ ਦੀ ਤੁਰੰਤ ਜ਼ਰੂਰਤ ਹੁੰਦੀ ਹੈ ਅਤੇ ਇਸ ਦੇ ਲਈ ਗੁਣਵੱਤਾਪੂਰਣ ਦੇਖਭਾਲ ਪ੍ਰਦਾਨ ਦੀ ਵਿਵਸਥਾ 'ਚ ਸੁਧਾਰ ਦੀ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ।''

ਏਸ਼ੀਆ 'ਚ ਪ੍ਰਤੀ 1,000 'ਚੋਂ ਲਗਭਗ 1.7 ਫੀਸਦੀ ਬੱਚੇ ਹੁੰਦੇ ਨੇ ਚਿਹਰੇ ਦੇ ਵਿਕਾਰ ਤੋਂ ਪੀੜਤ
ਇਕ ਅੰਦਾਜੇ ਮੁਤਾਬਕ, ਏਸ਼ੀਆ 'ਚ ਪ੍ਰਤੀ 1,000 ਜਾਂ ਇਸ ਤੋਂ ਜ਼ਿਆਦਾ ਨਵਜਾਤ ਬੱਚਿਆਂ 'ਚੋਂ ਲਗਭਗ 1.7 ਫੀਸਦੀ ਦੇ ਬੁੱਲ੍ਹ ਕੱਟੇ ਹੁੰਦੇ ਹਨ ਜਾਂ ਤਾਲੂ 'ਚ ਵਿਕਾਰ ਹੁੰਦਾ ਹੈ। ਭਾਰਤ 'ਚ ਇਸ ਨਾਲ ਜੁੜੇ ਅੰਕੜੇ ਉਪਲੱਬਧ ਨਹੀਂ ਹਨ, ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਕਈ ਅਧਿਐਨ ਦੱਸਦੇ ਹਨ ਕਿ ਬੁੱਲ੍ਹ ਕੱਟੇ ਹੋਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਅੰਦਾਜਾ ਹੈ ਕਿ ਭਾਰਤ 'ਚ ਹਰ ਸਾਲ ਲਗਭਗ 35,000 ਅਜਿਹੇ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ।


author

Baljit Singh

Content Editor

Related News