ਆਖ਼ਿਰ 1 ਜਨਵਰੀ ਤੋਂ ਹੀ ਕਿਉਂ ਮਨਾਇਆ ਜਾਂਦਾ ਹੈ ਨਵਾਂ ਸਾਲ ? ਜਾਣੋ ਇਸ ਪਿੱਛੇ ਲੁਕਿਆ ਦਿਲਚਸਪ ਇਤਿਹਾਸ
Tuesday, Dec 30, 2025 - 01:15 PM (IST)
ਵੈੱਬ ਡੈਸਕ- ਅੱਜ ਅਸੀਂ ਸਾਰੇ 1 ਜਨਵਰੀ ਨੂੰ ਨਵੇਂ ਸਾਲ ਵਜੋਂ ਮਨਾਉਂਦੇ ਹਾਂ, ਪਰ ਕੀ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਅਜਿਹਾ ਨਹੀਂ ਸੀ? ਇਕ ਸਮਾਂ ਅਜਿਹਾ ਵੀ ਸੀ ਜਦੋਂ ਸਾਲ ਦੀ ਸ਼ੁਰੂਆਤ ਮਾਰਚ ਮਹੀਨੇ ਤੋਂ ਹੁੰਦੀ ਸੀ ਅਤੇ ਸਾਲ 'ਚ ਸਿਰਫ਼ 10 ਮਹੀਨੇ ਹੀ ਹੁੰਦੇ ਸਨ। ਅੱਜ ਦੇ ਨਵੇਂ ਸਾਲ ਦੇ ਕੈਲੰਡਰ ਤੱਕ ਪਹੁੰਚਣ ਦਾ ਸਫ਼ਰ ਬਹੁਤ ਹੀ ਦਿਲਚਸਪ ਹੈ, ਜਿਸ 'ਚ ਰਾਜਿਆਂ ਦੇ ਫੈਸਲੇ ਅਤੇ ਵਿਗਿਆਨਕ ਸੁਧਾਰ ਸ਼ਾਮਲ ਹਨ।
ਕਦੇ ਮਾਰਚ ਤੋਂ ਹੁੰਦੀ ਸੀ ਸਾਲ ਦੀ ਸ਼ੁਰੂਆਤ
ਪੁਰਾਤਨ ਰੋਮ ਦੇ ਸ਼ੁਰੂਆਤੀ ਦੌਰ 'ਚ ਕੈਲੰਡਰ ਅੱਜ ਨਾਲੋਂ ਬਿਲਕੁਲ ਵੱਖਰਾ ਸੀ। ਉਸ ਸਮੇਂ ਸਾਲ ਦੀ ਸ਼ੁਰੂਆਤ 1 ਮਾਰਚ ਤੋਂ ਹੁੰਦੀ ਸੀ ਅਤੇ ਦਸੰਬਰ 'ਤੇ ਸਾਲ ਖ਼ਤਮ ਹੋ ਜਾਂਦਾ ਸੀ। ਮਾਰਚ ਨੂੰ ਪਹਿਲਾ ਮਹੀਨਾ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਇਹ ਬਸੰਤ ਰੁੱਤ ਅਤੇ ਖੇਤੀਬਾੜੀ ਦੀ ਸ਼ੁਰੂਆਤ ਦਾ ਸਮਾਂ ਹੁੰਦਾ ਸੀ। ਇਸ ਤੋਂ ਇਲਾਵਾ, ਰੋਮਨ ਫੌਜਾਂ ਵੀ ਆਪਣੇ ਫੌਜੀ ਮੁਹਿੰਮਾਂ ਇਸੇ ਮਹੀਨੇ ਤੋਂ ਸ਼ੁਰੂ ਕਰਦੀਆਂ ਸਨ।
ਇਹ ਵੀ ਪੜ੍ਹੋ : ਗੋਲਗੱਪੇ ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! AIIMS ਦੇ ਡਾਕਟਰ ਨੇ ਦੇ'ਤੀ ਵੱਡੀ ਚਿਤਾਵਨੀ
ਜਨਵਰੀ ਅਤੇ ਫਰਵਰੀ ਦਾ ਆਗਮਨ
ਲਗਭਗ 700 ਈਸਾ ਪੂਰਵ 'ਚ ਰੋਮਨ ਰਾਜਾ ਨੂਮਾ ਪੋਮਪੀਲੀਅਸ ਨੇ ਕੈਲੰਡਰ 'ਚ ਸੁਧਾਰ ਕਰਦਿਆਂ ਜਨਵਰੀ ਅਤੇ ਫਰਵਰੀ ਨਾਮ ਦੇ 2 ਨਵੇਂ ਮਹੀਨੇ ਜੋੜੇ। ਬਾਅਦ 'ਚ, ਸਿਆਸੀ ਕਾਰਨਾਂ ਕਰਕੇ ਰੋਮਨ ਸੀਨੇਟ ਨੇ 1 ਜਨਵਰੀ ਨੂੰ ਨਵੇਂ ਸਰਕਾਰੀ ਸਾਲ ਦੀ ਸ਼ੁਰੂਆਤ ਵਜੋਂ ਘੋਸ਼ਿਤ ਕੀਤਾ ਤਾਂ ਜੋ ਅਧਿਕਾਰੀ ਸਮੇਂ ਸਿਰ ਅਹੁਦਾ ਸੰਭਾਲ ਸਕਣ ਅਤੇ ਜੰਗਾਂ ਦੀ ਯੋਜਨਾ ਬਣਾ ਸਕਣ।
ਜੂਲੀਅਸ ਸੀਜ਼ਰ ਅਤੇ 'ਜਾਨੁਸ' ਦੇਵਤਾ ਦਾ ਸਬੰਧ
45 ਈਸਾ ਪੂਰਵ 'ਚ ਜੂਲੀਅਸ ਸੀਜ਼ਰ ਨੇ 'ਜੂਲੀਅਨ ਕੈਲੰਡਰ' ਪੇਸ਼ ਕੀਤਾ, ਜਿਸ ਨੇ ਸਾਲ ਨੂੰ ਸੂਰਜ ਦੀ ਗਤੀ (Solar Year) ਨਾਲ ਜੋੜਿਆ। ਉਨ੍ਹਾਂ ਨੇ ਹੀ ਅਧਿਕਾਰਤ ਤੌਰ 'ਤੇ 1 ਜਨਵਰੀ ਨੂੰ ਸਾਲ ਦਾ ਪਹਿਲਾ ਦਿਨ ਬਣਾਇਆ। 'ਜਨਵਰੀ' ਮਹੀਨੇ ਦਾ ਨਾਂ ਰੋਮਨ ਦੇਵਤਾ 'ਜਾਨੁਸ' (Janus) ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਦੇ 2 ਚਿਹਰੇ ਸਨ-ਇੱਕ ਪਿੱਛੇ (ਬੀਤੇ ਸਾਲ) ਵੱਲ ਅਤੇ ਇਕ ਅੱਗੇ (ਆਉਣ ਵਾਲੇ ਸਾਲ) ਵੱਲ ਦੇਖਦਾ ਹੋਇਆ। ਇਸੇ ਸਮੇਂ ਤੋਂ ਸਮੇਂ ਦੀ ਸਹੀ ਗਣਨਾ ਲਈ 'ਲੀਪ ਸਾਲ' (Leap Year) ਦੀ ਸ਼ੁਰੂਆਤ ਵੀ ਹੋਈ।
ਪੋਪ ਗ੍ਰੈਗਰੀ ਅਤੇ ਆਧੁਨਿਕ ਕੈਲੰਡਰ
ਰੋਮਨ ਸਾਮਰਾਜ ਦੇ ਪਤਨ ਤੋਂ ਬਾਅਦ, ਮੱਧਕਾਲ 'ਚ ਈਸਾਈ ਧਰਮ ਗੁਰੂਆਂ ਨੇ 1 ਜਨਵਰੀ ਨੂੰ ਮਨਾਉਣਾ ਬੰਦ ਕਰ ਦਿੱਤਾ ਸੀ ਅਤੇ ਯੂਰਪ 'ਚ ਨਵਾਂ ਸਾਲ 25 ਦਸੰਬਰ ਜਾਂ 25 ਮਾਰਚ ਨੂੰ ਮਨਾਇਆ ਜਾਣ ਲੱਗਾ। ਪਰ ਜੂਲੀਅਨ ਕੈਲੰਡਰ ਦੀਆਂ ਗਣਿਤਕ ਗਲਤੀਆਂ ਨੂੰ ਸੁਧਾਰਨ ਲਈ 1582 'ਚ ਪੋਪ ਗ੍ਰੈਗਰੀ XIII ਨੇ 'ਗ੍ਰੈਗੋਰੀਅਨ ਕੈਲੰਡਰ' ਪੇਸ਼ ਕੀਤਾ, ਜਿਸ ਨੇ 1 ਜਨਵਰੀ ਨੂੰ ਮੁੜ ਤੋਂ ਅਧਿਕਾਰਤ ਤੌਰ 'ਤੇ ਨਵਾਂ ਸਾਲ ਘੋਸ਼ਿਤ ਕੀਤਾ।
ਦੁਨੀਆ ਨੇ ਕਦੋਂ ਅਪਣਾਇਆ?
ਹਾਲਾਂਕਿ ਕੈਥੋਲਿਕ ਦੇਸ਼ਾਂ ਨੇ ਇਸ ਨੂੰ ਤੁਰੰਤ ਮੰਨ ਲਿਆ ਸੀ, ਪਰ ਬ੍ਰਿਟੇਨ ਨੇ 1752, ਰੂਸ ਨੇ 1918 ਅਤੇ ਗ੍ਰੀਸ ਨੇ 1923 'ਚ ਇਸ ਕੈਲੰਡਰ ਨੂੰ ਅਪਣਾਇਆ। ਅੱਜ ਇਹੀ ਗ੍ਰੈਗੋਰੀਅਨ ਕੈਲੰਡਰ ਪੂਰੀ ਦੁਨੀਆ 'ਚ ਮਾਨਕ ਵਜੋਂ ਵਰਤਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
