ਕੇਰਲ ਮਾਕਪਾ ’ਚ ਉਥਲ-ਪੁਥਲ, ਸੀਨੀਅਰ ਆਗੂਆਂ ਦੇ ਕਾਂਗਰਸ ’ਚ ਆਉਣ ਦਾ ਨਵਾਂ ਰੁਝਾਨ

Tuesday, Mar 24, 2026 - 11:54 PM (IST)

ਕੇਰਲ ਮਾਕਪਾ ’ਚ ਉਥਲ-ਪੁਥਲ, ਸੀਨੀਅਰ ਆਗੂਆਂ ਦੇ ਕਾਂਗਰਸ ’ਚ ਆਉਣ ਦਾ ਨਵਾਂ ਰੁਝਾਨ

ਨੈਸ਼ਨਲ ਡੈਸਕ- ਕੇਰਲ ’ਚ ਇਕ ਅਜੀਬ ਗੱਲ ਵੇਖਣ ਨੂੰ ਮਿਲ ਰਹੀ ਰਹੀ ਹੈ, ਜਿੱਥੇ ਸੀ. ਪੀ. ਆਈ. (ਐੱਮ) ਭਾਵ ਮਾਰਕਸੀ ਪਾਰਟੀ ਦੇ ਕਈ ਸੀਨੀਅਰ ਆਗੂ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ।

ਉਹ ਕਾਂਗਰਸ ਉਮੀਦਵਾਰਾਂ ਵਜੋਂ ਜਾਂ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐਫ.) ਵੱਲੋਂ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰਾਂ ਵਜੋਂ ਚੋਣਾਂ ਲੜ ਰਹੇ ਹਨ। ਇਹ ਵਿਰੋਧੀ ਧਿਰ ਦੇ ਨੇਤਾ ਵੀ. ਡੀ. ਸਤੀਸਨ ਦੇ ਵਾਅਦੇ ਅਨੁਸਾਰ ਹੋ ਰਿਹਾ ਹੈ ਜਿਨ੍ਹਾਂ ਕਿਹਾ ਸੀ ਕਿ ਭਵਿੱਖ ਝਟਕੇ ਤੇ ਅਣਕਿਆਸੀਆਂ ਘਟਨਾਵਾਂ ਲਿਆਵੇਗਾ।

ਮਾਰਕਸੀ ਪਾਰਟੀ ਨੂੰ ਉਦੋਂ ਹੈਰਾਨੀ ਹੋਈ ਜਦੋਂ ਸੀਨੀਅਰ ਮਹਿਲਾ ਨੇਤਾ ਤੇ 3 ਵਾਰ ਦੀ ਸਾਬਕਾ ਵਿਧਾਇਕ ਆਇਸ਼ਾ ਪੋਟੀ ਕਾਂਗਰਸ ’ਚ ਸ਼ਾਮਲ ਹੋ ਗਈ । ਉਨ੍ਹਾਂ ਨੂੰ ਕੋਟਾਰੱਕਰਾ ਸੀਟ ਤੋਂ ਚੋਣ ਲੜਨ ਲਈ ਟਿਕਟ ਦਿੱਤੀ ਗਈ ਹੈ। ਸਤੀਸਨ ਨੇ ਦਾਅਵਾ ਕੀਤਾ ਕਿ ਇਹ ਉਨ੍ਹਾਂ ਦੀ ਪਾਰਟੀ ਲਈ ਪਹਿਲਾ ਝਟਕਾ ਸੀ।

ਇਸ ਤੋਂ ਬਾਅਦ ਮਾਰਕਸੀ ਪਾਰਟੀ ਦੇ ਤਿੰਨ ਸੀਨੀਅਰ ਆਗੂ ਵੀ. ਕੁਨੀਕ੍ਰਿਸ਼ਨਨ, ਜੀ. ਸੁਧਾਕਰਨ ਤੇ ਟੀ. ਕੇ. ਗੋਵਿੰਦਨ ਯੂ. ਡੀ. ਐੱਫ. ਵੱਲੋਂ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਵਜੋਂ ਆਪਣੀ ਪੁਰਾਣੀ ਪਾਰਟੀ ਵਿਰੁੱਧ ਚੋਣ ਲੜਨ ਲਈ ਸਹਿਮਤ ਹੋ ਗਏ।

ਮਾਰਕਸੀ ਪਾਰਟੀ ਦੇ ਇਕ ਹੋਰ ਸਾਬਕਾ ਵਿਧਾਇਕ ਪੀ. ਕੇ. ਸ਼ਸੀ ਕਾਂਗਰਸ ’ਚ ਸ਼ਾਮਲ ਹੋ ਗਏ । ਉਹ 9 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ। ਕਾਂਗਰਸ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਹੁਣ ਕੋਈ ਹੈਰਾਨੀ ਨਹੀਂ ਹੋਵੇਗੀ।

ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਾਰਨ: ਇਹ ਹੈ ਕਿ ਜੇ ਬਾਹਰੀ ਲੋਕਾਂ ਨੂੰ ਵਧੇਰੇ ਟਿਕਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਕਾਂਗਰਸੀ ਆਗੂਆਂ ਕੋਲ ਚੋਣ ਲੜਨ ਲਈ ਕਾਫ਼ੀ ਸੀਟਾਂ ਨਹੀਂ ਰਹਿਣਗੀਆਂ। ਇਹ ਰੁਝਾਨ 2021 ’ਚ ਨਹੀਂ ਦੇਖਿਆ ਗਿਆ ਸੀ। ਉਦੋਂ ਮਾਰਕਸੀ ਪਾਰਟੀ ਨੇ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ, ਜੋ ਇਕ ਰਿਕਾਰਡ ਹੈ।

ਸੀਨੀਅਰ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਕੇਰਲ ’ਚ ਪਹਿਲਾਂ ਕਦੇ ਵੀ ਮਾਰਕਸੀ ਪਾਰਟੀ ਦੇ ਇੰਨੇ ਸਾਰੇ ਆਗੂਆਂ ਨੇ ਆਪਣੀ ਪਾਰਟੀ ਨੂੰ ਖੁੱਲ੍ਹ ਕੇ ਚੁਣੌਤੀ ਨਹੀਂ ਦਿੱਤੀ ਸੀ ਤੇ ਕਾਂਗਰਸ ’ਚ ਸ਼ਾਮਲ ਨਹੀਂ ਹੋਏ ਸਨ। ਇਹੀ ਕਾਰਨ ਹੈ ਕਿ ਸ਼ਸ਼ੀ ਥਰੂਰ ਤੇ ਕਈ ਹੋਰ ਨਾਰਾਜ਼ ਕਾਂਗਰਸੀ ਆਗੂਆਂ ਨੇ ਚੁੱਪ ਰਹਿਣਾ ਠੀਕ ਸਮਝਿਆ ਕਿਉਂਕਿ ਲਹਿਰ ਕਾਂਗਰਸ ਦੇ ਹੱਕ ’ਚ ਹੈ। ਮਾਰਕਸੀ ਪਾਰਟੀ ਦੇ ਸੂਬਾਈ ਸਕੱਤਰ ਐੱਮ. ਵੀ. ਗੋਵਿੰਦਨ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਪਾਰਟੀ ਛੱਡਣ ਵਾਲੇ ਨਹੀਂ ਜਿੱਤਣਗੇ।


author

Rakesh

Content Editor

Related News