ਆਧਾਰ ਕਾਰਡ ਨੂੰ ਲੈ ਕੇ ਆਈ ਨਵੀਂ ਅਪਡੇਟ, ਜਲਦੀ ਕਰ ਲਓ ਇਹ ਕੰਮ
Tuesday, Feb 11, 2025 - 11:07 AM (IST)
![ਆਧਾਰ ਕਾਰਡ ਨੂੰ ਲੈ ਕੇ ਆਈ ਨਵੀਂ ਅਪਡੇਟ, ਜਲਦੀ ਕਰ ਲਓ ਇਹ ਕੰਮ](https://static.jagbani.com/multimedia/2025_2image_11_07_228555763aadhaarcard.jpg)
ਨੈਸ਼ਨਲ ਡੈਸਕ- ਜੇਕਰ ਤੁਹਾਡੇ ਕੋਲ ਆਧਾਰ ਕਾਰਡ ਹੈ ਅਤੇ ਇਸ ਨੂੰ ਆਪਣੇ ਬੈਂਕ ਖਾਤੇ ਨਾਲ ਲਿੰਕ ਕੀਤਾ ਹੋਇਆ ਹੈ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਸਰਕਾਰ ਨੇ ਬੈਂਕਿੰਗ ਸੇਵਾਵਾਂ ਨਾਲ ਸਬੰਧਤ ਆਧਾਰ ਕਾਰਡ ਅਪਡੇਟ ਨੂੰ ਲੈ ਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਜੇਕਰ ਤੁਸੀਂ ਫਰਵਰੀ ਮਹੀਨੇ ਦੇ ਅੰਦਰ ਇਹ ਜ਼ਰੂਰੀ ਅਪਡੇਟ ਨਹੀਂ ਕਰਵਾਉਂਦੇ ਤਾਂ ਤੁਹਾਡੀਆਂ ਬੈਂਕਿੰਗ ਸੇਵਾਵਾਂ ਬੰਦ ਹੋ ਸਕਦੀਆਂ ਹਨ। ਇੰਨਾ ਹੀ ਨਹੀਂ ਤੁਹਾਨੂੰ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ। ਆਓ ਜਾਣਦੇ ਹਾਂ ਇਹ ਬਦਲਾਅ ਕੀ ਹੈ ਅਤੇ ਇਸ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਹੋਵੇਗਾ।
ਆਧਾਰ ਕਾਰਡ ਅਪਡੇਟ ਨੂੰ ਲੈ ਕੇ ਕੀ ਹੈ ਨਵਾਂ ਨਿਯਮ?
ਸਰਕਾਰ ਨੇ ਬੈਂਕਿੰਗ ਸੇਵਾਵਾਂ ਨਾਲ ਜੁੜੀ ਆਧਾਰ ਕਾਰਡ ਦੀ ਜਾਣਕਾਰੀ ਨੂੰ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਤਹਿਤ ਜੇਕਰ ਤੁਹਾਡਾ ਆਧਾਰ 10 ਸਾਲ ਤੋਂ ਜ਼ਿਆਦਾ ਪੁਰਾਣਾ ਹੈ ਅਤੇ ਤੁਸੀਂ ਅਜੇ ਤੱਕ ਇਸ ਨੂੰ ਅਪਡੇਟ ਨਹੀਂ ਕੀਤਾ ਹੈ, ਤਾਂ ਤੁਹਾਨੂੰ ਜਲਦੀ ਤੋਂ ਜਲਦੀ ਇਸ ਨੂੰ ਅਪਡੇਟ ਕਰਨਾ ਹੋਵੇਗਾ। ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਮੁਤਾਬਕ ਜੇਕਰ ਕਿਸੇ ਵਿਅਕਤੀ ਦਾ ਆਧਾਰ ਕਾਰਡ 10 ਸਾਲ ਜਾਂ ਇਸ ਤੋਂ ਵੱਧ ਪੁਰਾਣਾ ਹੈ, ਤਾਂ ਉਸ ਲਈ ਆਪਣੇ ਦਸਤਾਵੇਜ਼ਾਂ ਨੂੰ ਰੀ-ਵੈਰੀਫਾਈ (ਮੁੜ ਤਸਦੀਕ) ਕਰਵਾਉਣੀ ਲਾਜ਼ਮੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਬੈਂਕਿੰਗ ਸੇਵਾਵਾਂ ਸਮੇਤ ਹੋਰ ਕਈ ਸਰਕਾਰੀ ਸਹੂਲਤਾਂ ਬੰਦ ਹੋ ਸਕਦੀਆਂ ਹਨ।
ਅਪਡੇਟ ਲਈ ਕਿਹੜੇ ਦਸਤਾਵੇਜ਼ ਦੇਣ ਦੀ ਲੋੜ ਹੈ?
ਆਧਾਰ ਨੂੰ ਅਪਡੇਟ ਕਰਨ ਲਈ ਤੁਹਾਨੂੰ ਹੇਠਾਂ ਦਿੱਤੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ:
ਪਛਾਣ ਦਾ ਸਬੂਤ: ਜਿਵੇਂ ਕਿ ਪੈਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੰਸ ਆਦਿ।
ਪਤੇ ਦਾ ਸਬੂਤ: ਜਿਵੇਂ ਕਿ ਬਿਜਲੀ ਦਾ ਬਿੱਲ, ਰਾਸ਼ਨ ਕਾਰਡ, ਵੋਟਰ ਆਈਡੀ, ਬੈਂਕ ਸਟੇਟਮੈਂਟ ਆਦਿ।
ਆਧਾਰ ਅਪਡੇਟ ਕਿਵੇਂ ਕਰੀਏ?
UIDAI ਨੇ ਆਧਾਰ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਤੁਸੀਂ ਇਸ ਨੂੰ ਆਨਲਾਈਨ ਅਤੇ ਆਫਲਾਈਨ ਦੋਹਾਂ ਤਰੀਕਿਆਂ ਨਾਲ ਅਪਡੇਟ ਕਰ ਸਕਦੇ ਹੋ।
ਆਨਲਾਈਨ ਅਪਡੇਟ ਕਰਨ ਦੀ ਪ੍ਰਕਿਰਿਆ-
UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
"My Aadhaar" ਸੈਕਸ਼ਨ 'ਤੇ ਜਾਓ ਅਤੇ "Update Document" 'ਤੇ ਕਲਿੱਕ ਕਰੋ।
ਲੌਗਇਨ ਕਰੋ ਅਤੇ ਆਧਾਰ ਨੰਬਰ ਦਰਜ ਕਰੋ।
ਅਪਲੋਡ ਕਰੋ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰੋ।
ਤੁਹਾਡੇ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਆਧਾਰ ਨੂੰ ਅਪਡੇਟ ਕੀਤਾ ਜਾਵੇਗਾ।
ਆਫਲਾਈਨ ਅਪਡੇਟ ਕਰਨ ਦੀ ਪ੍ਰਕਿਰਿਆ-
ਨਜ਼ਦੀਕੀ ਆਧਾਰ ਸੇਵਾ ਕੇਂਦਰ 'ਤੇ ਜਾਓ।
ਆਧਾਰ ਅਪਡੇਟ ਫਾਰਮ ਭਰੋ ਅਤੇ ਲੋੜੀਂਦੇ ਦਸਤਾਵੇਜ਼ ਨੱਥੀ ਕਰੋ।
ਬਾਇਓਮੈਟ੍ਰਿਕ ਤਸਦੀਕ ਨੂੰ ਪੂਰਾ ਕਰੋ।
ਐਪਲੀਕੇਸ਼ਨ ਜਮ੍ਹਾ ਕਰਨ ਤੋਂ ਬਾਅਦ ਤੁਹਾਨੂੰ ਇਕ ਅਪਡੇਟ ਬੇਨਤੀ ਨੰਬਰ (URN) ਮਿਲੇਗਾ, ਜਿਸ ਤੋਂ ਤੁਸੀਂ ਅਪਡੇਟ ਦੀ ਸਥਿਤੀ ਨੂੰ ਟਰੈਕ ਕਰ ਸਕਦੇ ਹੋ।
ਕੀ ਆਧਾਰ ਅਪਡੇਟ ਲਈ ਕੋਈ ਖਰਚਾ ਹੋਵੇਗਾ?
ਪਹਿਲਾਂ UIDAI ਵਲੋਂ ਆਧਾਰ ਅਪਡੇਟ ਦੀ ਸਹੂਲਤ ਮੁਫਤ ਦਿੱਤੀ ਜਾਂਦੀ ਸੀ ਪਰ ਹੁਣ ਇਹ ਸੇਵਾ ਕੁਝ ਫੀਸ ਦੇ ਨਾਲ ਉਪਲਬਧ ਹੈ।
ਆਨਲਾਈਨ ਅਪਡੇਟ ਫੀਸ: 50 ਰੁਪਏ
ਆਧਾਰ ਸੇਵਾ ਕੇਂਦਰ 'ਤੇ ਅਪਡੇਟ ਫੀਸ: 100 ਰੁਪਏ