ਟ੍ਰੇਨਾਂ 'ਚ ਸਫ਼ਰ ਕਰਨ ਵਾਲਿਆਂ ਲਈ Good News ! ਕੇਂਦਰ ਨੇ 7 ਨਵੇਂ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੁਰੀ
Thursday, Sep 10, 2026 - 12:30 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਦੇਸ਼ ’ਚ ਰੇਲਵੇ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਟ੍ਰੇਨਾਂ ਦੀ ਆਵਾਜਾਈ ਨੂੰ ਸਰਲ ਬਣਾਉਣ ਲਈ ਆਧੁਨਿਕੀਕਰਨ ’ਤੇ ਲਗਾਤਾਰ ਜ਼ੋਰ ਦੇ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ’ਚ ਰੇਲਵੇ ਆਧੁਨਿਕੀਕਰਨ ਨਾਲ ਜੁੜੇ ਕਈ ਅਹਿਮ ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿੱਤੀ ਗਈ।
ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਮੰਤਰੀ ਮੰਡਲ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੇ 11,000 ਕਿਲੋਮੀਟਰ ਲੰਬੇ ਹਾਈ-ਡੈਂਸਿਟੀ ਨੈੱਟਵਰਕ ’ਚੋਂ 7 ਪ੍ਰਮੁੱਖ ਗਲਿਆਰੇ ਅਜਿਹੇ ਹਨ, ਜਿਨ੍ਹਾਂ ’ਤੇ ਭਾਰਤੀ ਰੇਲਵੇ ਦਾ ਲੱਗਭਗ 40 ਫੀਸਦੀ ਟ੍ਰੈਫਿਕ ਨਿਰਭਰ ਕਰਦਾ ਹੈ। ਭਵਿੱਖ ’ਚ ਵਧਣ ਵਾਲੇ ਆਵਾਜਾਈ ਦੇ ਦਬਾਅ ਨੂੰ ਧਿਆਨ ’ਚ ਰੱਖਦੇ ਹੋਏ ਇਨ੍ਹਾਂ ਸਾਰੇ ਸੱਤੇ ਹਾਈ-ਡੈਂਸਿਟੀ ਗਲਿਆਰਿਆਂ ਨੂੰ ਫੋਰ-ਲੇਨ ਭਾਵ ਕਵਾਡ੍ਰਪਲ ਟ੍ਰੈਕ ’ਚ ਬਦਲਣ ਦੀ ਯੋਜਨਾ ਹੈ। ਇਨ੍ਹਾਂ ਨਵੀਆਂ ਰੇਲ ਲਾਈਨਾਂ ਦੇ ਵਿਛਣ ਨਾਲ ਦੇਸ਼ ਦੇ 4,790 ਪਿੰਡਾਂ ਨੂੰ ਬਿਹਤਰ ਸੰਪਰਕ ਮਿਲੇਗੀ ਅਤੇ ਲੱਗਭਗ 56 ਲੱਖ ਵਾਧੂ ਯਾਤਰੀ ਸੁਵਿਧਾਜਨਕ ਸਫਰ ਕਰ ਸਕਣਗੇ ਅਤੇ ਟ੍ਰੇਨਾਂ ਲੇਟ ਨਹੀਂ ਹੋਣਗੀਆਂ।
ਇਹ ਵੀ ਪੜ੍ਹੋ- 'ਸਾਨੂੰ ਜਿਤਾਓ, ਹਰੇਕ ਵੋਟਰ ਨੂੰ ਦੇਵਾਂਗੇ 5,000 ਡਾਲਰ..!', ਟਰੰਪ ਨੇ ਕਰ'ਤਾ ਵੱਡਾ ਐਲਾਨ
ਇਨ੍ਹਾਂ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ
ਜਿਨ੍ਹਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਮਿਲੀ ਹੈ, ਉਨ੍ਹਾਂ ’ਚ ਦਿੱਲੀ-ਮੁੰਬਈ, ਮੁੰਬਈ-ਚੇਨਈ, ਚੇਨਈ-ਕੋਲਕਾਤਾ ਅਤੇ ਕੋਲਕਾਤਾ-ਦਿੱਲੀ ਤੋਂ ਇਲਾਵਾ 2 ਮੁੱਖ ਡਾਇਗਨਲ ਦਿੱਲੀ-ਚੇਨਈ ਤੇ ਮੁੰਬਈ-ਕੋਲਕਾਤਾ ਅਤੇ ਦਿੱਲੀ-ਗੁਵਾਹਾਟੀ ਰੂਟ ਸ਼ਾਮਲ ਹਨ। ਇਸ ਪੂਰੇ ਨੈੱਟਵਰਕ ’ਚੋਂ ਲੱਗਭਗ 2,000 ਕਿਲੋਮੀਟਰ ਦਾ ਕੰਮ ਪੂਰਾ ਹੋ ਚੁੱਕਾ ਹੈ, 5,000 ਕਿਲੋਮੀਟਰ ’ਤੇ ਕੰਮ ਜਾਰੀ ਹੈ ਜਾਂ ਮਨਜ਼ੂਰੀ ਮਿਲ ਚੁੱਕੀ ਹੈ, ਜਦੋਂ ਕਿ ਬਾਕੀ 4,000 ਕਿਲੋਮੀਟਰ ਹਿੱਸੇ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।
3 ਮਲਟੀ ਟ੍ਰੈਕਿੰਗ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ
ਮੰਤਰੀ ਮੰਡਲ ਨੇ 10,783 ਕਰੋੜ ਰੁਪਏ ਦੀ ਲਾਗਤ ਵਾਲੇ 3 ਮਲਟੀ ਟ੍ਰੈਕਿੰਗ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਨੂੰ ਸਾਲ 2029-30 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਕੁੱਲ 656 ਕਿਲੋਮੀਟਰ ਲੰਬੇ ਇਹ ਪ੍ਰਾਜੈਕਟ 5 ਸੂਬਿਆਂ ਦੇ 14 ਜ਼ਿਲਿਆਂ ਨੂੰ ਕਵਰ ਕਰਨਗੇ। ਇਨ੍ਹਾਂ ’ਚ ਮੁੰਬਈ-ਹਾਵੜਾ ਰੂਟ ’ਤੇ ਖੜਗਪੁਰ ਤੋਂ ਝਾਰਸੁਗੁੜਾ ਵਿਚਾਲੇ 6,528 ਕਰੋੜ ਰੁਪਏ ਦੀ ਲਾਗਤ ਨਾਲ 367 ਕਿਲੋਮੀਟਰ ਲੰਬੀ ਚੌਥੀ ਰੇਲ ਲਾਈਨ ਅਤੇ ਅਰਕੁਨਮ ਤੋਂ ਰੇਨਿਗੁੰਟਾ ਦੇ ਵਿਚਾਲੇ 1,936 ਕਰੋੜ ਰੁਪਏ ਨਾਲ 77 ਕਿਲੋਮੀਟਰ ਲੰਬੀ ਤੀਜੀ ਤੇ ਚੌਥੀ ਲਾਈਨ ਦਾ ਨਿਰਮਾਣ ਸ਼ਾਮਲ ਹੈ। ਇਸ ਤੋਂ ਇਲਾਵਾ ਬਿਲਾਸਪੁਰ-ਕਟਨੀ ਰੂਟ ਨੂੰ ਵੀ ਫੋਰ-ਲੇਨ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਭਾਰਤ ਨੂੰ ਤੇਲ ਦੀ ਨਹੀਂ ਹੋਵੇਗੀ ਕਮੀ ! ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਨੇ ਕੀਤਾ ਇਹ ਕੰਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
