ਬ੍ਰਿਟਿਸ਼ ਭਾਰਤੀ ਜਾਸੂਸ ਨੂਰ ਇਨਾਇਤ ਖਾਨ ਦੇ ਨਾਂ ’ਤੇ ਜਾਰੀ ਹੋਈ ਨਵੀਂ ਡਾਕ ਟਿਕਟ
Monday, Nov 24, 2025 - 09:48 AM (IST)
ਇੰਟਰਨੈਸ਼ਨਲ ਡੈਸਕ- ਦੂਜੇ ਵਿਸ਼ਵ ਯੁੱਧ ਦੌਰਾਨ ਫਰਾਂਸ ’ਚ ਇਕ ਅੰਡਰਕਵਰ ਬ੍ਰਿਟਿਸ਼ ਏਜੰਟ ਵਜੋਂ ਮੁੱਖ ਭੂਮਿਕਾ ਨਿਭਾਉਣ ਵਾਲੀ ਬ੍ਰਿਟਿਸ਼-ਭਾਰਤੀ ਜਾਸੂਸ ਨੂਰ ਇਨਾਇਤ ਖਾਨ ਨੂੰ ਫਰਾਂਸ ’ਚ ਇਕ ਨਵੀਂ ਡਾਕ ਟਿਕਟ ਨਾਲ ਸਨਮਾਨਿਤ ਕੀਤਾ ਗਿਆ ਹੈ।
18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਵੰਸ਼ਜ ਨੂਰ ਇਨਾਇਤ ਖਾਨ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਭਾਰਤੀ ਮੂਲ ਦੀ ਇਕਲੌਤੀ ਔਰਤ ਹੈ। 1914 ’ਚ ਮਾਸਕੋ ’ਚ ਜਨਮੀ ਨੂਰ-ਉਨ-ਨਿਸਾ ਇਨਾਇਤ ਖਾਨ ਦੇ ਪਿਤਾ ਇਕ ਭਾਰਤੀ ਸੂਫੀ ਸੰਤ ਅਤੇ ਮਾਂ ਅਮਰੀਕੀ ਸੀ। ਉਹ ਘੱਟ ਉਮਰ ’ਚ ਲੰਡਨ ਚਲੀ ਗਈ ਅਤੇ ਫਿਰ ਸਕੂਲ ਦੀ ਪੜ੍ਹਾਈ ਲਈ ਪੈਰਿਸ ’ਚ ਸੈਟਲ ਹੋ ਗਈ।

ਦੂਜੇ ਵਿਸ਼ਵ ਯੁੱਧ ਦੌਰਾਨ ਫਰਾਂਸ ’ਤੇ ਜਰਮਨੀ ਦਾ ਕਬਜ਼ੇ ਹੋਣ ਤੋਂ ਬਾਅਦ ਉਸ ਦਾ ਪਰਿਵਾਰ ਇੰਗਲੈਂਡ ਭੱਜ ਗਿਆ। ਉਹ ਜੂਨ 1943 ’ਚ ਨਾਜ਼ੀ-ਕਬਜ਼ੇ ਵਾਲੇ ਫਰਾਂਸ ’ਚ ਘੁਸਪੈਠ ਕਰਨ ਵਾਲੀ ਪਹਿਲੀ ਮਹਿਲਾ ਰੇਡੀਓ ਆਪ੍ਰੇਟਰ ਬਣੀ। ਉਸ ਨੂੰ ਨਾਜ਼ੀ ਫੌਜ ਵੱਲੋਂ ਫੜ ਲਿਆ ਗਿਆ ਅਤੇ ਇਕ ਕੈਂਪ ’ਚ ਭੇਜ ਦਿੱਤਾ ਗਿਆ, ਜਿੱਥੇ 13 ਸਤੰਬਰ, 1944 ਨੂੰ 30 ਸਾਲ ਦੀ ਉਮਰ ’ਚ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ।
