ਨਵੇਂ ਸੰਸਦ ਭਵਨ ਦਾ ਉਦਘਾਟਨ; ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨ ਦੇ ਗੇਟ ਬੰਦ
Sunday, May 28, 2023 - 10:13 AM (IST)
ਨਵੀਂ ਦਿੱਲੀ- ਦਿੱਲੀ ਮੈਟਰੋ ਦੇ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਸਟੇਸ਼ਨ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸੀ ਗੇਟ ਐਤਵਾਰ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਕਾਰਨ ਬੰਦ ਕਰ ਦਿੱਤੇ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਨਵਾਂ ਸੰਸਦ ਭਵਨ ਕੇਂਦਰੀ ਸਕੱਤਰੇਤ ਸਟੇਸ਼ਨ ਕੋਲ ਸਥਿਤ ਹੈ, ਜੋ 'ਯੈਲੋ ਲਾਈਨ' 'ਤੇ ਆਉਣ ਵਾਲੇ 'ਇੰਟਰਚੇਂਜ' ਸਟੇਸ਼ਨ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵੱਡੀ ਗਿਣਤੀ 'ਚ ਮਾਣਯੋਗ ਵਿਅਕਤੀਆਂ ਅਤੇ ਪੁਜਾਰੀਆਂ ਦੀ ਹਾਜ਼ਰੀ 'ਚ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਦਿੱਲੀ ਮੈਟਰੋ ਰੇਲ ਨਿਗਮ ਨੇ ਸਵੇਰੇ ਕਰੀਬ ਸਾਢੇ 8 ਵਜੇ ਟਵੀਟ ਕੀਤਾ ਕਿ ਦਿੱਲੀ ਮੈਟਰੋ ਰੇਲ ਪੁਲਸ ਤੋਂ ਮਿਲੇ ਨਿਰਦੇਸ਼ਾਂ ਮੁਤਾਬਕ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਸਟੇਸ਼ਨ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸੀ ਗੇਟ ਯਾਤਰੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤੇ ਗਏ ਹਨ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਸਟੇਸ਼ਨਾਂ ਦੇ ਗੇਟ ਐਤਵਾਰ ਨੂੰ ਮੈਟਰੋ ਸੇਵਾ ਸ਼ੁਰੂ ਹੋਣ ਮਗਰੋਂ ਬੰਦ ਹਨ। ਹਾਲਾਂਕਿ ਕੇਂਦਰੀ ਸਕੱਤਰੇਤ ਵਿਚ 'ਇੰਟਰਚੇਂਜ' ਯਾਨੀ ਮੈਟਰੋ ਲਾਈਨ ਬਦਲਣ ਦੀ ਸਹੂਲਤ ਉਪਲੱਬਧ ਹੈ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਸਟੇਸ਼ਨਾਂ 'ਤੇ ਗੇਟ ਬੰਦ ਹੋਣ ਦੇ ਸਬੰਧ ਵਿਚ ਸਵੇਰ ਤੋਂ ਨਿਯਮਿਤ ਰੂਪ ਨਾਲ ਐਲਾਨ ਕੀਤੇ ਜਾ ਰਹੇ ਹਨ।