ਵੱਡੇ ਸਿਰ ਕਾਰਨ ਨਹੀਂ ਆਉਂਦਾ ਕੋਈ ਹੈਲਮੇਟ, ਪੁਲਸ ਪਰੇਸ਼ਾਨ ਚਲਾਨ ਕੱਟੇ ਜਾਂ ਛੱਡ ਦੇਵੇ

09/17/2019 12:43:41 PM

ਅਹਿਮਦਾਬਾਦ— ਨਵੇਂ ਮੋਟਰ ਵ੍ਹੀਕਲ ਐਕਟ ਦੇ ਅਮਰ 'ਚ ਆਉਣ ਨਾਲ ਆਵਾਜਾਈ ਦੇ ਨਿਯਮ ਸਖਤ ਹੋ ਗਏ ਹਨ ਅਤੇ ਉਸ ਨੂੰ ਤੋੜਨ 'ਤੇ ਜ਼ੁਰਮਾਨੇ ਦੀ ਰਕਮ ਭਾਰੀ ਹੋ ਗਈ ਹੈ। ਇਸ ਦੌਰਾਨ ਗੁਜਰਾਤ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ। ਇੱਥੇ ਇਕ ਸ਼ਖਸ ਬਿਨਾਂ ਹੈਲਮੇਟ ਦੇ ਗੱਡੀ ਚਲਾਉਂਦੇ ਹੋਏ ਫੜਿਆ ਗਿਆ ਪਰ ਜਦੋਂ ਉਸ ਨੇ ਆਪਣੀ ਮਜ਼ਬੂਰੀ ਦੱਸੀ ਤਾਂ ਪੁਲਸ ਪਰੇਸ਼ਾਨ ਹੋ ਗਈ ਕਿ ਉਸ ਦਾ ਚਲਾਨ ਕੱਟਿਆ ਜਾਵੇ ਜਾਂ ਛੱਡਿਆ ਜਾਵੇ। ਇਹ ਮਾਮਲਾ ਗੁਜਰਾਤ ਦੇ ਛੋਟਾ ਉਦੇਪੁਰ ਜ਼ਿਲੇ ਦੇ ਬੋਡੇਲੀ ਕਸਬੇ ਦਾ ਹੈ। ਸੋਮਵਾਰ ਨੂੰ ਜ਼ਾਕਿਰ ਮੇਮਨ ਨਾਂ ਦੇ ਸ਼ਖਸ ਨੂੰ ਪੁਲਸ ਨੇ ਬਿਨਾਂ ਹੈਲਮੇਟ ਗੱਡੀ ਚਲਾਉਂਦੇ ਹੋਏ ਫੜਿਆ। ਉਸ ਕੋਲ ਗੱਡੀ ਨਾਲ ਸੰਬੰਧਤ ਸਾਰੇ ਕਾਗਜ਼ਾਤ ਸਨ ਪਰ ਉਸ ਨੇ ਹੈਲਮੇਟ ਨਹੀਂ ਪਾਇਆ ਸੀ। ਪੁਲਸ ਨੇ ਉਸ ਨੂੰ ਜ਼ੁਰਮਾਨਾ ਭਰਨ ਲਈ ਕਿਹਾ ਪਰ ਜ਼ਾਕਿਰ ਨੇ ਜਦੋਂ ਆਪਣੀ ਸਮੱਸਿਆ ਉਨ੍ਹਾਂ ਨੂੰ ਦੱਸੀ ਤਾਂ ਪੁਲਸ ਦੀ ਪਰੇਸ਼ਾਨੀ ਵਧ ਗਈ। ਜ਼ਾਕਿਰ ਨੇ ਦੱਸਿਆ ਕਿ ਉਹ ਕੋਈ ਵੀ ਹੈਲਮੇਟ ਨਹੀਂ ਪਾ ਸਕਦਾ, ਕਿਉਂਕਿ ਕੋਈ ਵੀ ਹੈਲਮੇਟ ਉਸ ਦੇ ਸਿਰ 'ਚ ਆਉਂਦਾ ਹੀ ਨਹੀਂ ਹੈ।

ਉਸ ਨੇ ਪੁਲਸ ਨੂੰ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ 'ਤੇ ਜਾ ਕੇ ਦੇਖਿਆ ਪਰ ਉਸ ਦੇ ਸਿਰ 'ਤੇ ਆ ਜਾਵੇ, ਅਜਿਹਾ ਕੋਈ ਵੀ ਹੈਲਮੇਟ ਉਸ ਨੂੰ ਨਹੀਂ ਮਿਲਿਆ। ਜ਼ਾਕਿਰ ਦਾ ਕਹਿਣਾ ਹੈ ਕਿ ਮੈਂ ਕਾਨੂੰਨ ਦੀ ਇੱਜ਼ਤ ਕਰਨ ਵਾਲਾ ਸ਼ਖਸ ਹਾਂ। ਮੈਂ ਵੀ ਹੈਲਮੇਟ ਪਾਉਣਾ ਚਾਹੁੰਦਾ ਹਾਂ ਪਰ ਮੈਨੂੰ ਅਜਿਹਾ ਹੈਲਮੇਟ ਮਿਲਦਾ ਹੀ ਨਹੀਂ, ਜੋ ਮੇਰੇ ਸਿਰ 'ਚ ਫਿਟ ਆ ਸਕੇ। ਜ਼ਾਕਿਰ ਦਾ ਕਹਿਣਾ ਹੈ,''ਮੈਂ ਸਾਰੇ ਕਾਗਜ਼ਾਤ ਆਪਣੇ ਨਾਲ ਰੱਖਦਾ ਹਾਂ ਪਰ ਹੈਲਮੇਟ ਦਾ ਕੀ ਕਰਾਂ। ਮੈਂ ਇਸ ਬਾਰੇ ਪੁਲਸ ਨੂੰ ਵੀ ਦੱਸਿਆ ਹੈ। ਜ਼ਾਕਿਰ ਦੀ ਕਸਬੇ 'ਚ ਫਲਾਂ ਦੀ ਦੁਕਾਨ ਹੈ। ਉਨ੍ਹਾਂ ਦਾ ਪਰਿਵਾਰ ਹੁਣ ਉਨ੍ਹਾਂ ਦੀ ਸਮੱਸਿਆ ਨੂੰ ਲੈ ਕੇ ਚਿੰਤਤ ਹੈ। ਉਹ ਕਹਿੰਦੇ ਹਨ ਕਿ ਅਜਿਹਾ ਇਸ ਤਰ੍ਹਾਂ ਉਹ ਕਦੋਂ ਤੱਕ ਜ਼ੁਰਮਾਨਾ ਭਰਨਗੇ। ਟਰੈਫਿਕ ਬਰਾਂਚ 'ਚ ਸਬ ਇੰਸਪੈਕਟਰ ਵਸੰਤ ਰਾਠਵਾ ਦਾ ਕਹਿਣਾ ਹੈ, ਇਹ ਇਕ ਅਨੋਖੀ ਸਮੱਸਿਆ ਹੈ। ਜ਼ਾਕਿਰ ਦੀ ਸਮੱਸਿਆ ਨੂੰ ਦੇਖਦੇ ਹੋਏ ਅਸੀਂ ਉਨ੍ਹਾਂ ਦਾ ਚਲਾਨ ਨਹੀਂ ਕੱਟਦੇ ਹਾਂ। ਉਹ ਕਾਨੂੰਨ ਦਾ ਸਨਮਾਨ ਕਰਨ ਵਾਲਾ ਸ਼ਖਸ ਹੈ। ਉਸ ਕੋਲ ਸਾਰੇ ਕਾਨੂੰਨੀ ਕਾਗਜ਼ਾਤ ਹਨ ਪਰ ਹੈਲਮੇਟ ਦੀ ਸਮੱਸਿਆ ਉਨ੍ਹਾਂ ਨਾਲ ਕੁਝ ਅਨੋਖੀ ਹੈ।


DIsha

Content Editor

Related News