ਹੌਂਸਲਿਆਂ ਨੂੰ ਸਲਾਮ, ਕਮਜ਼ੋਰੀ ਨੂੰ ਵਰਦਾਨ ਬਣਾ ਲਿਖਿਆ ਸਫ਼ਲਤਾ ਦਾ ਨਵਾਂ ਇਤਿਹਾਸ

Friday, Dec 03, 2021 - 05:01 PM (IST)

ਹੌਂਸਲਿਆਂ ਨੂੰ ਸਲਾਮ, ਕਮਜ਼ੋਰੀ ਨੂੰ ਵਰਦਾਨ ਬਣਾ ਲਿਖਿਆ ਸਫ਼ਲਤਾ ਦਾ ਨਵਾਂ ਇਤਿਹਾਸ

ਉਜੈਨ- ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦੀ ਕਹਾਣੀ ਅਸੀਂ ਸਾਰਿਆਂ ਨੇ ਸੁਣੀ ਹੈ ਕਿ ਉਨ੍ਹਾਂ ਨੇ ਪੂਰਾ ਸਰੀਰ ਨਾਕਾਮ ਹੋਣ ਦੇ ਬਾਵਜੂਦ ਦਿਮਾਗ਼ ਦੀ ਤਾਕਤ ਨਾਲ ਬ੍ਰਹਿਮੰਡ ਦੇ ਰਹੱਸ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਮੱਧ ਪ੍ਰਦੇਸ਼ ਦੇ ਉਜੈਨ ਨਿਵਾਸੀ ਸੁਬੋਧ ਜੋਸ਼ੀ ਵੀ ਅਜਿਹੇ ਹੀ ਸ਼ਖ਼ਸ ਹਨ, ਜਿਨ੍ਹਾਂ ਦਾ ਸਿਰਫ਼ ਦਿਮਾਗ਼ ਤੇ ਸੱਜੇ ਹੱਥ ਦਾ ਅੰਗੂਠਾ ਕੰਮ ਕਰਦਾ ਹੈ, ਬਾਕੀ ਸਰੀਰ ਸੁਸਤ ਹੈ। ਮਾਸਪੇਸ਼ੀਆਂ ਨੂੰ ਢਿੱਲੀਆਂ ਕਰ ਕੇ ਨਾਕਾਮ ਕਰ ਦੇਣ ਵਾਲੀ ਮਸਕੂਲਰ ਡਿਸਟ੍ਰਾਫੀ ਬਿਮਾਰੀ ਨਾਲ ਪੀੜਤ ਜੋਸ਼ੀ ਨੇ ਵੀ ਆਪਣੇ ਦਿਮਾਗ਼ ਦੀ ਤਾਕਤ ਦਾ ਸਕਾਰਾਤਮਕ ਇਸਤੇਮਾਲ ਕੀਤਾ। ਉਨ੍ਹਾਂ ਨੇ ਦਿਮਾਗ਼ ਨੂੰ ਇੰਨਾ ਯੋਗ ਬਣਾਇਆ ਕਿ ਹੁਣ ਐਮਾਜ਼ੋਨ ਵਰਗੀ ਦਿਗਜ ਅਮਰੀਕੀ ਕੰਪਨੀ ਸਮੇਤ ਭਾਰਤੀ ਟੇਕ ਕੰਪਨੀ ਵਿਪਰੋ ਤੇ ਹੋਰ 10 ਕੰਪਨੀਆਂ ਤੇ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਵਰਗੇ ਗੈਰ-ਸਰਕਾਰੀ ਸੰਗਠਨ ਆਪਣੇ ਮਹੱਤਵਪੂਰਨ ਦਸਤਾਵੇਜ਼ਾਂ ਦੇ ਅਨੁਵਾਦ ਇਨ੍ਹਾਂ ਤੋਂ ਕਰਵਾਉਂਦੇ ਹਨ।
ਸਰੀਰ ਨਾ ਸਹੀ, ਦਿਮਾਗ਼ ਹੀ ਸਹੀ
57 ਸਾਲਾ ਸੁਬੋਧ ਜੋਸ਼ੀ ਜਦੋਂ ਤਿੰਨ ਸਾਲ ਦੇ ਸਨ, ਉਦੋਂ ਮਾਤਾ-ਪਿਤਾ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਬੇਟੇ ਨੂੰ ਮਸਕੂਲਰ ਡਿਸਟ੍ਰਾਫੀ ਹੈ। ਇਸ ਵਿਚ ਉਮਰ ਵਧਣ ਦੇ ਨਾਲ ਮਾਸਪੇਸ਼ੀਆ ਢਿੱਲੀਆਂ ਹੋ ਜਾਂਦੀਆਂ ਹਨ ਤੇ ਇਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਪੂਰਾ ਸਰੀਰ ਸੁਸਤ ਹੋ ਜਾਂਦਾ ਹੈ। ਸਰੀਰ ਕਮਜ਼ੋਰ ਹੁੰਦਾ ਦੇਖ ਜੋਸ਼ੀ ਨੇ ਦਿਮਾਗ ਨੂੰ ਤਿੱਖਾ ਬਣਾਉਣਾ ਸ਼ੁਰੂ ਕੀਤਾ। ਸਾਲ 1988 ਵਿਚ ਉਨ੍ਹਾਂ ਨੇ ਉਦੋਂ ਉਜੈਨ ਵਿਚ ਕੰਪਿਊਟਰ ਸੈਂਟਰ ਸ਼ੁਰੂ ਕਰ ਦਿੱਤਾ ਸੀ, ਜਦੋਂ ਦੇਸ਼ ਵਿਚ ਕੰਪਿਊਟਰ ਕ੍ਰਾਂਤੀ ਸ਼ੁਰੂ ਹੀ ਹੋਈ ਸੀ। 17 ਸਾਲਾਂ ਤਕ ਵੱਖ-ਵੱਖ ਐੱਨਜੀਓ ਲਈ ਵੀ ਕੰਮ ਕੀਤਾ। 2016 ਤਕ ਜਦੋਂ ਸਰੀਰ ਪੂਰੀ ਤਰ੍ਹਾਂ ਅਕਿਰਿਆਸ਼ੀਲ ਹੋਣ ਲੱਗਾ ਤਾਂ ਉਨ੍ਹਾਂ ਨੇ ਘਰ ਵਿਚ ਬੈਠ ਕੇ ਅਨੁਵਾਦ ਦਾ ਕੰਮ ਸ਼ੁਰੂ ਕੀਤਾ। ਐਮਾਜ਼ੋਨ ਦੇ ਯੂਰਪ ਸਥਿਤ ਆਫਿਸ ਨੇ ਇਨ੍ਹਾਂ ਤੋਂ ਅਨੁਵਾਦ ਕਰਵਾਉਣਾ ਸ਼ੁਰੂ ਕਰ ਦਿੱਤਾ। ਜੋਸ਼ੀ ਵਿਸ਼ੇਸ਼ ਡਿਜ਼ਾਈਨ ਦੀ ਆਪਣੀ ਕੁਰਸੀ ’ਤੇ ਬੈਠ ਕੇ ਕੰਮ ਕਰਦੇ ਹਨ ਤੇ ਕਈ ਵੱਡੀਆਂ ਕੰਪਨੀਆਂ ਤੇ ਐੱਨਜੀਓ ਨੇ ਇਨ੍ਹਾਂ ਨੂੰ ਆਪਣਾ ਮਾਸਟਰ ਟਰਾਂਸਲੇਟਰ (ਮਾਹਿਰ ਅਨੁਵਾਦਕ) ਬਣਾ ਰੱਖਿਆ ਹੈ। ਜੋਸ਼ੀ ਬੋਝ ਬਣਨ ਦੀ ਬਜਾਏ ਖੁਦ ਦਾ ਪਾਲਣ-ਪੋਸ਼ਣ ਕਰ ਰਹੇ ਹਨ ਤੇ ਦੋ ਲੋਕਾਂ ਬਾਲੂ ਸਿੰਘ ਤੇ ਰਾਹੁਲ ਵਰਮਾ ਨੂੰ ਰੁਜ਼ਗਾਰ ਵੀ ਦੇ ਰਹੇ ਹਨ। 

PunjabKesari
ਰਾਏਪੁਰ- ਛੱਤੀਸਗੜ੍ਹ ਦੇ ਜ਼ਿਲ੍ਹਾ ਬਾਲੋਦ ਵਾਸੀ ਚਿਤਰਸੇਨ ਸਾਹੂ ਦੇ ਦੋਵੇਂ ਪੈਰ ਨਕਲੀ ਹੈ ਪਰ ਉਸ ਦਾ ਸੁਫ਼ਨਾ ਦੁਨੀਆ ਭਰ ਦੇ ਪਰਬਤਾਂ ਦੇ ਸਿਖ਼ਰ ’ਤੇ ਪਹੁੰਚਣ ਦਾ ਹੈ। ਉਹ ਹੁਣ ਤੱਕ ਤਿੰਨ ਟਾਪੂਆਂ ਦੀਆਂ ਸਭ ਤੋਂ ਉੱਚੀ ਚੋਟੀ ’ਤੇ ਤਿਰੰਗਾ ਲਹਿਰਾ ਕੇ ਦੇਸ਼-ਦੁਨੀਆ ਨੂੰ ਪਲਾਸਟਿਕ ਮੁਕਤ ਬਣਾਉਣ ਅਤੇ ਦਿਵਾਂਯਗਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਦਾ ਸੰਦੇਸ਼ ਦੇ ਚੁਕੇ ਹਨ। ਛੱਤੀਸਗੜ੍ਹ ਦੇ ਬਲੇਡ ਰਨਰ, ਹਾਫ਼ ਹਿਊਮਨ ਰੋਬੋ ਦੇ ਨਾਮ ਨਾਲ ਮਸ਼ਹੂਰ ਚਿੱਤਰਸੇਨ ਨੇ ਕਿਤੇ ਸਿਖਲਾਈ ਨਹੀਂ ਲਈ ਹੈ। ਸਿਖਲਾਈ ਕੇਂਦਰਾਂ ਨੇ ਮਨ੍ਹਾ ਕਰ ਦਿੱਤਾ ਤਾਂ ਹਿੰਮਤ ਨਹੀਂ ਹਾਰੀ। ਉਸ ਨੇ ਰਾਜ ਦੇ ਹੀ ਛੋਟੇ ਪਰਬਤਾਂ ’ਤੇ ਚੜ੍ਹਨਾ ਸ਼ੁਰੂ ਕੀਤਾ। ਸਰਕਾਰੀ ਨੌਕਰੀ ਦੇ ਨਾਲ ਉਹ ਪਰਬਤਰੋਹਣ ਵੀ ਕਰ ਰਿਹਾ ਹੈ। 2014 ’ਚ ਰੇਲ ਗੱਡੀ ’ਤੇ ਚੜ੍ਹਨ ਦੀ ਕੋਸ਼ਿਸ਼ ’ਚ ਪੈਰ ਫਿਸਲਣ ਕਾਰਨ ਚਿੱਤਰਸੇਨ ਹੇਠਾਂ ਡਿੱਗ ਗਿਆ। ਉਸ ਦਾ ਇਕ ਪੈਰ ਕੱਟ ਦਿੱਤਾ ਗਿਆ। ਫਿਰ 24 ਦਿਨਾਂ ਬਾਅਦ ਇਨਫੈਕਸ਼ਨ ਕਾਰਨ ਦੂਜਾ ਪੈਰ ਵੀ ਕੱਟਣਾ ਪਿਆ।

PunjabKesari

ਕੈਥਲ- ਅਰਜੁਨ ਐਵਾਰਡੀ ਤੀਰਅੰਦਾਜ ਹਰਵਿੰਦਰ ਸਿੰਘ। ਪੈਰਾਲੰਪਿਕ ’ਚ ਤੀਰਅੰਦਾਜੀ ’ਚ ਦੇਸ਼ ਨੂੰ ਪਹਿਲਾ ਮੈਡਲ ਦਿਵਾਉਣ ਵਾਲੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਅਜੀਤ ਨਗਰ ਦੇ ਪੁੱਤਰ। ਕੁਝ ਸਮੇਂ ਪਹਿਲਾਂ ਤੱਕ ਸ਼ਹਿਰ ਦੇ ਲੋਕ ਵੀ ਇਨ੍ਹਾਂ ਨੂੰ ਨਹੀਂ ਜਾਣਦੇ ਸਨ। ਉਹ ਜਾਣਦੇ ਸਨ ਕਿ ਦਿਵਯਾਂਗਤਾ ਕਾਰਨ ਲੋਕਾਂ ਦੇ ਮੇਹਣਿਆਂ ਤੋਂ ਜੋ ਪਰੇਸ਼ਾਨੀ ਹੈ, ਉਸ ਦਾ ਜਵਾਬ ਸਫ਼ਲਤਾ ਦੀ ਵੱਡੀ ਲਕੀਰ ਖਿੱਚ ਕੇ ਹੀ ਦਿੱਤਾ ਜਾ ਸਕਦਾ ਹੈ। ਹੁਣ ਲੋਕ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ। ਸਿਰਫ਼ ਡੇਢ ਸਾਲ ਦੀ ਉਮਰ ’ਚ ਬੁਖ਼ਾਰ ’ਚ ਡਾਕਟਰ ਦੇ ਗਲਤ ਟੀਕੇ ਕਾਰਨ ਹਰਵਿੰਦਰ ਦੀ ਇਕ ਲੱਤ ਦਾ ਵਿਕਾਸ ਰੁਕ ਗਿਆ। ਹੋਸ਼ ਸੰਭਾਲਿਆ ਤਾਂ ਕੋਈ ਦਯਾ ਭਾਵ ਨਾਲ ਦੇਖਦਾ ਤਾਂ ਕੋਈ ਮਜ਼ਾਕ ਉਡਾਉਂਦਾ। ਤੀਰਅੰਦਾਜੀ ਦੀ ਸਿਖਲਾਈ ਦੌਰਾਨ ਉਹ ਮਹੀਨਿਆਂ ਤੱਕ ਆਪਣੇ ਪਰਿਵਾਰ ਨਾਲ ਮਿਲਦੇ ਨਹੀਂ ਸਨ। ਸਿਖਲਾਈ ਦਰਮਿਆਨ ਸਾਲ 2018 ’ਚ ਉਨ੍ਹਾਂ ਦੀ ਮਾਂ ਹਰਭਜਨ ਕੌਰ ਦੀ ਮੌਤ ਹੋ ਗਈ। ਸਖ਼ਤ ਮਿਹਨਤ ਤੋਂ ਬਾਅਦ ਵੀ ਟੀਮ ’ਚ ਚੋਣ ਨਾ ਹੋਣ ਕਾਰਨ ਖੇਡ ਛੱਡਣ ਦਾ ਮਨ ਬਣਾ ਲਿਆ। ਉਦੋਂ ਕੋਚ ਜੀਵਨਜੋਤ ਨੇ ਸ਼੍ਰੀਕ੍ਰਿਸ਼ਨ ਦੀ ਤਰ੍ਹਾਂ ਰਾਹ ਦਿਖਾਇਆ। ਮੁੜ ਅਭਿਆਸ ਸ਼ੁਰੂ ਕਰਨ ਤੋਂ ਬਾਅਦ ਪਹਿਲੇ ਸਾਲ ’ਚ ਨੈਸ਼ਨਲ ਪੱਧਰ ਦੇ ਮੁਕਾਬਲੇ ’ਚ ਤਮਗਾ ਜਿੱਤਿਆ। 

PunjabKesari


author

DIsha

Content Editor

Related News