ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਫੜੀ ਰਫ਼ਤਾਰ, ਓਮੀਕ੍ਰੋਨ ਦੇ ਕੁੱਲ ਮਾਮਲੇ 236 ਹੋਏ
Thursday, Dec 23, 2021 - 11:28 AM (IST)
ਨਵੀਂ ਦਿੱਲੀ- ਓਮੀਕ੍ਰੋਨ ਵੇਰੀਐਂਟ ਦੇ ਮਾਮਲਿਆਂ 'ਚ ਤੇਜ਼ੀ ਦਰਮਿਆਨ ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ ਵੀ ਵਾਧਾ ਦੇਖਿਆ ਜਾ ਰਿਹਾ ਹੈ। ਭਾਰਤ 'ਚ ਪਿਛਲੇ 24 ਘੰਟਿਆਂ 'ਚ 7,495 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ, ਜੋ ਬੁੱਧਵਾਰ ਤੋਂ 18.6 ਫੀਸਦੀ ਵੱਧ ਹਨ। ਬੁੱਧਵਾਰ ਨੂੰ ਦੇਸ਼ 'ਚ ਕੋਰੋਨਾ ਦੇ 6,317 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਬੀਤੇ 24 ਘੰਟਿਆਂ 'ਚ 434 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ 'ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਵੱਧ ਕੇ 236 ਹੋ ਗਏ ਹਨ। ਮਹਾਰਾਸ਼ਟਰ ਅਤੇ ਦਿੱਲੀ 'ਚ ਕੋਰੋਨਾ ਵਾਇਰਸ ਦੇ ਇਸ ਨਵੇਂ ਰੂਪ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ 'ਚ 6,960 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ, ਜਦੋਂ ਕਿ ਹੁਣ ਤੱਕ ਕੁੱਲ 3,42,08,926 ਲੋਕ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਮੰਦ ਹੋ ਚੁਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਨਾਲ ਸਰਗਰਮ ਮਾਮਲੇ ਵੱਧ ਗਏ ਹਨ। ਦੇਸ਼ 'ਚ ਮੌਜੂਦਾ ਸਮੇਂ 78,291 ਮਰੀਜ਼ਾਂ ਦਾ ਕੋਰੋਨਾ ਦਾ ਇਲਾਜ ਚੱਲ ਰਿਹਾ ਹੈ। ਰੋਜ਼ਾਨਾ ਸੰਕਰਮਣ ਦਰ 0.62 ਫੀਸਦੀ ਹੈ, ਜਦੋ ਪਿਛਲੇ 80 ਦਿਨਾਂ ਤੋਂ 2 ਫੀਸਦੀ ਦੇ ਹੇਠਾਂ ਹਨ। ਉੱਥੇ ਹੀ ਕੋਰੋਨਾ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਪਿਛਲੇ 24 ਘੰਟਿਆਂ 'ਚ 70 ਲੱਖ ਤੋਂ ਵੱਧ ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਕੁੱਲ ਟੀਕਾਕਰਨ 139.69 ਕਰੋੜ ਤੋਂ ਵੱਧ ਹੋ ਗਿਆ ਹੈ। ਵੀਰਵਾਰ ਸਵੇਰੇ 7 ਵਜੇ ਤੱਕ 139 ਕਰੋੜ 69 ਲੱਖ 76 ਹਜ਼ਾਰ 774 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਨਵੋਦਿਆ ਸਕੂਲ 'ਚ ਹੋਇਆ ਕੋਰੋਨਾ ਵਿਸਫ਼ੋਟ, 29 ਸਕੂਲੀ ਵਿਦਿਆਰਥੀ ਮਿਲੇ ਪਾਜ਼ੇਟਿਵ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ