ਨਵੀਂ ਵਿਆਹੀ ਲਾੜੀ ਨੇ ਬੱਚੀ ਨੂੰ ਕੀਤਾ ਅਗਵਾ, ਪੁਲਸ ਨੇ ਇੰਝ ਕੀਤਾ ਮਾਸੂਮ ਨੂੰ ਬਰਾਮਦ

Sunday, Dec 04, 2022 - 05:39 PM (IST)

ਨਵੀਂ ਵਿਆਹੀ ਲਾੜੀ ਨੇ ਬੱਚੀ ਨੂੰ ਕੀਤਾ ਅਗਵਾ, ਪੁਲਸ ਨੇ ਇੰਝ ਕੀਤਾ ਮਾਸੂਮ ਨੂੰ ਬਰਾਮਦ

ਰੋਹਤਕ (ਦੀਪਕ ਭਾਰਦਵਾਜ)- ਰੋਹਤਕ ਜ਼ਿਲ੍ਹੇ ਦੇ ਇਸਮਾਈਲ ਪਿੰਡ ’ਚ ਮਹਿਜ 4 ਮਹੀਨੇ ਪਹਿਲਾਂ ਵਿਆਹ ਕਰ ਕੇ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਆਈ ਨਵੀਂ ਲਾੜੀ ਨੂੰ 4 ਸਾਲ ਦੀ ਮਾਸੂਮ ਬੱਚੀ ਨਾਲ ਇਸ ਕਦਰ ਲਗਾਅ ਹੋ ਗਿਆ ਕਿ ਉਸ ਨੇ ਉਸ ਨੂੰ ਆਪਣੇ ਕੋਲ ਰੱਖਣ ਲਈ ਉਸ ਨੂੰ ਅਗਵਾ ਕਰ ਲਿਆ। ਹਫੜਾ-ਦਫੜੀ ਵਿਚ ਪੁਲਸ ਹਰਕਤ ’ਚ ਆਈ ਅਤੇ ਸਾਈਬਰ ਸੈੱਲ ਦੀ ਮਦਦ ਨਾਲ ਮੋਬਾਈਲ ਦੀ ਲੋਕੇਸ਼ਨ ਨਾਲ ਔਰਤ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਬੱਚੀ ਨੂੰ ਸਹੀ ਸਲਾਮਤ ਬਰਾਮਦ ਕਰ ਕੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਫ਼ਿਲਹਾਲ ਔਰਤ ਤੋਂ ਪੁੱਛ-ਗਿੱਛ ਜਾਰੀ ਹੈ, ਜਿਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਦੇਵਰੀਆ ਦੀ ਰਹਿਣ ਵਾਲੀ ਆਂਚਲ ਦਾ ਰੋਹਤਕ ਜ਼ਿਲ੍ਹੇ ਦੇ ਇਸਮਾਈਲ ਪਿੰਡ ’ਚ ਮਹਿਜ 4 ਮਹੀਨੇ ਪਹਿਲਾਂ ਪਵਨ ਨਾਲ ਵਿਆਹ ਹੋਇਆ ਸੀ। ਗੁਆਂਢ ਵਿਚ 4 ਸਾਲ ਦੀ ਮਾਸੂਮ ਲਕਸ਼ੀ ਉਸ ਕੋਲ ਖੇਡਣ ਲਈ ਆ ਜਾਂਦੀ ਸੀ। ਜਿਸ ਤੋਂ ਬਾਅਦ ਆਂਚਲ ਨੂੰ ਮਾਸੂਮ ਕੁੜੀ ਨਾਲ ਕੁਝ ਜ਼ਿਆਦਾ ਲਗਾਅ ਹੋ ਗਿਆ ਪਰ ਆਂਚਲ ਇਸਮਾਈਲ ਪਿੰਡ ’ਚ ਨਹੀਂ ਰਹਿਣਾ ਚਾਹੁੰਦਾ ਸੀ। ਇਸ ਵਜ੍ਹਾ ਕਰ ਕੇ ਉਸ ਨੇ ਲਕਸ਼ੀ ਨੂੰ ਅਗਵਾ ਕਰਨ ਦਾ ਮਨ ਬਣਾ ਲਿਆ ਅਤੇ ਸ਼ਨੀਵਾਰ ਸ਼ਾਮ ਨੂੰ ਲਕਸ਼ੀ ਦਾ ਹੱਥ ਫੜ ਕੇ ਆਪਣੇ ਨਾਲ ਲੈ ਗਈ। ਪਰਿਵਾਰ ਵਾਲਿਆਂ ਨੂੰ ਜਦੋਂ ਲਕਸ਼ੀ ਨਹੀਂ ਮਿਲੀ ਤਾਂ ਘਰ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੂੰ ਚੈਕ ਕੀਤਾ ਗਿਆ, ਜਿਸ ’ਚ ਆਂਚਲ ਮਾਸੂਮ ਬੱਚੀ ਨੂੰ ਆਪਣੇ ਨਾਲ ਲੈ ਜਾਂਦੀ ਹੋਈ ਵਿਖਾਈ ਦਿੱਤੀ। ਪਰਿਵਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਵੀ ਹਰਕਤ ’ਚ ਆ ਗਈ।

ਹਾਲਾਂਕਿ ਆਂਚਲ ਨੇ ਆਪਣਾ ਮੋਬਾਈਲ ਫੋਨ ਬੰਦ ਕਰ ਦਿੱਤਾ ਪਰ ਜਿਵੇਂ ਹੀ ਉਹ ਦਿੱਲੀ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਉਸ ਨੇ ਆਪਣਾ ਮੋਬਾਈਲ ਆਨ ਕੀਤਾ। ਮੋਬਾਈਲ ਆਨ ਹੁੰਦੇ ਹੀ ਸਾਈਬਰ ਸੈੱਲ ਦੇ ਕੋਲ ਆਂਚਲ ਦੀ ਲੋਕੇਸ਼ਨ ਪਹੁੰਚ ਗਈ। ਪੁਲਸ ਦਿੱਲੀ ਲਈ ਰਵਾਨਾ ਹੋਈ ਅਤੇ ਦਿੱਲੀ ਪੁਲਸ ਅਤੇ ਰੇਲਵੇ ਪੁਲਸ ਨਾਲ ਵੀ ਸੰਪਰਕ ਕੀਤਾ। ਲੋਕੇਸ਼ਨ ਆਨੰਦ ਵਿਹਾਰ ਰੇਲਵੇ ਸਟੇਸ਼ਨ ਦੀ ਸੀ, ਜਿੱਥੇ ਰਾਤ ਲੱਗਭਗ 11.30 ਵਜੇ ਪੁਲਸ ਨੇ ਆਂਚਲ ਨੂੰ ਗ੍ਰਿਫ਼ਤਾਰ ਕੀਤਾ ਅਤੇ ਬੱਚੀ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ। 


author

Tanu

Content Editor

Related News