ਅਸਾਮ : ਆਧਾਰ ਲਈ ਜਮ੍ਹਾ ਕਰਵਾਉਣੀ ਹੋਵੇਗੀ ਐੱਨ. ਆਰ. ਸੀ. ਅਰਜ਼ੀ ਦੀ ਰਸੀਦ
Saturday, Sep 07, 2024 - 11:38 PM (IST)
 
            
            ਗੁਹਾਟੀ, (ਭਾਸ਼ਾ)- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬੇ ’ਚ ਆਧਾਰ ਕਾਰਡ ਲਈ ਸਾਰੇ ਨਵੇਂ ਬਿਨੈਕਾਰਾਂ ਨੂੰ ਆਪਣੀ ਐੱਨ. ਆਰ. ਸੀ. ਅਰਜ਼ੀ ਦੀ ਰਸੀਦ ਨੰਬਰ (ਏ. ਆਰ. ਐੱਨ.) ਜਮ੍ਹਾ ਕਰਵਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਇਕ ਵਿਸਤ੍ਰਿਤ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐੱਸ. ਓ. ਪੀ.) ਤਿਆਰ ਕੀਤਾ ਜਾਵੇਗਾ ਅਤੇ ਇਸ ਨੂੰ 1 ਅਕਤੂਬਰ ਤੋਂ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਨਾਲ ‘ਨਾਜਾਇਜ਼ ਵਿਦੇਸ਼ੀਆਂ ਦੀ ਆਮਦ ਰੁਕੇਗੀ’ ਅਤੇ ਸੂਬਾ ਸਰਕਾਰ ਆਧਾਰ ਕਾਰਡ ਜਾਰੀ ਕਰਨ ’ਚ ‘ਬੜੀ ਸਖ਼ਤ’ ਹੋਵੇਗੀ। ਸਰਮਾ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਆਧਾਰ ਕਾਰਡ ਲਈ ਅਰਜ਼ੀਆਂ ਦੀ ਗਿਣਤੀ ਆਬਾਦੀ ਨਾਲੋਂ ਵੱਧ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਸ਼ੱਕੀ ਨਾਗਰਿਕ ਹਨ ਅਤੇ ਅਸੀਂ ਫੈਸਲਾ ਕੀਤਾ ਹੈ ਕਿ ਨਵੇਂ ਬਿਨੈਕਾਰਾਂ ਨੂੰ ਆਪਣਾ ਐੱਨ. ਆਰ. ਸੀ ਅਰਜ਼ੀ ਰਸੀਦ ਨੰਬਰ (ਏ. ਆਰ. ਐੱਨ.) ਜਮ੍ਹਾ ਕਰਵਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਆਸਾਮ ’ਚ ਆਧਾਰ ਕਾਰਡ ਬਣਵਾਉਣਾ ਸੌਖਾ ਨਹੀਂ ਹੋਵੇਗਾ ਅਤੇ ਅਾਸ ਹੈ ਕਿ ਹੋਰ ਸੂਬੇ ਵੀ ਆਧਾਰ ਕਾਰਡ ਜਾਰੀ ਕਰਨ ’ਚ ਸਖ਼ਤੀ ਵਰਤਣਗੇ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            