ਨੇਪਾਲ ਪੁਲਸ ਦੀ ਗੋਲੀਬਾਰੀ ''ਚ ਮਾਰੇ ਗਏ ਨੌਜਵਾਨ ਦੀ ਲਾਸ਼ ਪਰਿਵਾਰ ਨੂੰ ਸੌਂਪੀ ਗਈ

Saturday, Mar 06, 2021 - 05:51 PM (IST)

ਨੇਪਾਲ ਪੁਲਸ ਦੀ ਗੋਲੀਬਾਰੀ ''ਚ ਮਾਰੇ ਗਏ ਨੌਜਵਾਨ ਦੀ ਲਾਸ਼ ਪਰਿਵਾਰ ਨੂੰ ਸੌਂਪੀ ਗਈ

ਪੀਲੀਭੀਤ- ਭਾਰਤ-ਨੇਪਾਲ ਅੰਤਰਰਾਸ਼ਟਰੀ ਸਰਹੱਦ 'ਤੇ ਵੀਰਵਾਰ ਨੂੰ ਨੇਪਾਲੀ ਪੁਲਸ ਦੀ ਗੋਲੀਬਾਰੀ 'ਚ ਮਾਰੇ ਗਏ ਇਕ ਨੌਜਵਾਨ ਦੀ ਲਾਸ਼ ਸ਼ੁੱਕਰਵਾਰ ਰਾਤ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਜੈਪ੍ਰਕਾਸ਼ ਯਾਦਵ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦਿਨ ਭਰ ਨੇਪਾਲ ਦੇ ਅਧਿਕਾਰੀਆਂ ਨਾਲ ਕਈ ਦੌਰ ਦੀ ਬੈਠਕ ਚੱਲੀ, ਜਿਸ ਦੌਰਾਨ ਸਾਰੇ ਪਹਿਲੂਆਂ 'ਤੇ ਗੱਲਬਾਤ ਹੋਈ। ਇਸ ਤੋਂ ਬਾਅਦ ਸਾਰੀ ਪ੍ਰਕਿਰਿਆ ਪੂਰੀ ਹੋਣ 'ਤੇ ਨੇਪਾਲ ਪ੍ਰਸ਼ਾਸਨ ਨੇ ਭਾਰਤੀ ਨੌਜਵਾਨ ਗੋਵਿੰਦ ਸਿੰਘ ਉਰਫ਼ ਗੋਵਿੰਦ ਦੀ ਲਾਸ਼ ਸ਼ੁੱਕਰਵਾਰ ਰਾਤ 8 ਵਜੇ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਦੇਰ ਰਾਤ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਨੇਪਾਲ ਪੁਲਸ ਦੀ ਗੋਲੀਬਾਰੀ 'ਚ ਇਕ ਭਾਰਤੀ ਦੀ ਮੌਤ

ਪੁਲਸ ਸੁਪਰਡੈਂਟ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਹਜ਼ਾਰਾ ਥਾਣਾ ਖੇਤਰ ਦੇ ਭੂਮੀਦਾਨ ਰਾਘਵਪੁਰੀ ਟਿੱਲਾ ਚਾਰ ਪਿੰਡ ਦੇ ਰਹਿਣ ਵਾਲੇ ਗੋਵਿੰਦ ਸਿੰਘ (24) 2 ਹੋਰ ਨੌਜਵਾਨਾਂ ਨਾਲ ਨੇਪਾਲ ਦੇ ਕੰਚਨਪੁਰ ਮੇਲਾ ਘੁੰਮਣ ਗਏ ਸਨ, ਜਿਸ ਦੌਰਾਨ ਨੇਪਾਲੀ ਪੁਲਸ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦੱਸਿਆ ਕਿ ਗੋਲੀਬਾਰੀ 'ਚ ਗੋਵਿੰਦ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਸਥਾਨਕ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਘਟਨਾ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ ਨੇਪਾਲ ਦੇ ਪ੍ਰਸ਼ਾਸਨ ਨੇ ਇੱਥੋਂ ਦੇ ਅਧਿਕਾਰੀਆਂ ਨੂੰ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਰਿਪੋਰਟ ਸਥਾਨਕ ਪ੍ਰਸ਼ਾਸਨ ਨੇ ਸ਼ਾਸਨ ਨੂੰ ਭੇਜ ਦਿੱਤੀ ਹੈ। ਇਸ ਵਿਚ ਹਥਿਆਰਬੰਦ ਸਰਹੱਦੀ ਫ਼ੋਰਸ (ਐੱਸ.ਐੱਸ.ਬੀ.) ਨੇ ਇਕ ਪੂਰੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਹੈ, ਉੱਥੇ ਹੀ ਲਖੀਮਪੁਰ ਖੀਰੀ 'ਚ ਵੀ ਨੇਪਾਲ ਨਾਲ ਲੱਗਦੀ ਸਰਹੱਦ 'ਤੇ ਸਰਗਰਮੀ ਵਧਾ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 4 ਔਰਤਾਂ ਨੂੰ ਉਮਰਕੈਦ

ਘਟਨਾ 'ਚ ਜ਼ਖਮੀ ਇਕ ਹੋਰ ਨੌਜਵਾਨ ਗੁਰਮੇਜ ਦਾ ਇਲਾਜ ਲਖਨਊ ਦੇ ਕਿੰਗ ਜਾਰਜ ਮੈਡੀਕਲ ਕਾਲਜ 'ਚ ਕੀਤਾ ਜਾ ਰਿਹਾ ਹੈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਨਿਯਮ ਅਨੁਸਾਰ ਲਾਸ਼ ਦਾ ਪੋਸਟਮਾਰਟਮ ਨੇਪਾਲ 'ਚ ਹੀ ਕਰਵਾਇਆ ਗਿਆ। ਮ੍ਰਿਤਕ ਅਤੇ ਉਸ ਦੇ ਸਾਥੀਆਂ ਦਾ ਇਸ ਜ਼ਿਲ੍ਹੇ ਦੇ ਕਿਸੇ ਵੀ ਥਾਣੇ 'ਚ ਕੋਈ ਵੀ ਅਪਰਾਧਕ ਰਿਕਾਰਡ ਨਹੀਂ ਹੈ। ਇਸ ਵਿਚ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਨੇਪਾਲ ਪੁਲਸ ਨੇ ਰਾਘਵਪੁਰੀ ਵਾਸੀ ਗੋਵਿੰਦ ਅਤੇ ਉਸ ਦੇ ਸਾਥੀਆਂ ਨੂੰ ਬੁਲਾ ਕੇ ਗੋਲੀ ਮਾਰੀ ਸੀ। ਘਟਨਾ 'ਚ ਤਿੰਨ ਨੌਜਵਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਸ਼ੁਰੂਆਤ 'ਚ ਸਾਹਮਣੇ ਆਈ ਸੀ ਪਰ ਬਾਅਦ 'ਚ ਰੇਸ਼ਮ ਉਰਫ਼ ਰੇਸ਼ੂ ਨਾਂ ਦੇ ਚੌਥੇ ਵਿਅਕਤੀ ਦੇ ਵੀ ਉੱਥੇ ਜਾਣ ਦੀ ਗੱਲ ਸਾਹਮਣੇ ਆਈ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News